ਚੰਡੀਗੜ੍ਹ:ਪੰਜਾਬ ਦੀ ਸਿਆਸਤ ਦੇ ਰੰਗ ਨਿਆਰੇ ਹਨ। ਜਿਥੇ ਲੀਡਰ ਦਲ ਬਦਲੀਆਂ ਕਰਦੇ ਅਕਸਰ ਨਜ਼ਰ ਆਉਂਦੇ ਹਨ। ਤਾਜ਼ਾ ਮਾਮਲਾ ਜਲੰਧਰ ਨਾਲ ਜੁੜਿਆ ਹੋਇਆ, ਜਿਥੇ ਕਿ ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਜ਼ਿਮਨੀ ਚੋਣ ਹੋਣੀ ਹੈ। ਉਥੇ ਹੀ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ 'ਆਪ' ਪਾਰਟੀ ਵਿੱਚ ਸ਼ਾਮਲ ਕਰਵਾ ਲਿਆ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਮਾਨ ਨੇ ਖੁਦ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਸੀ।
ਸੁਰਜੀਤ ਕੌਰ ਮੁੜ ਅਕਾਲੀ ਦਲ ਵਿੱਚ ਸ਼ਾਮਲ:ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਇੱਕ ਵਾਰ ਫੇਰ ਯੂ-ਟਰਨ ਲੈ ਲਿਆ। ਜਿਸ ਦੇ ਚੱਲਦਿਆਂ ਦਿਨ ਸਮੇਂ ਆਮ ਆਦਮੀ ਪਾਰਟੀ ਦੀ ਬੇੜੀ 'ਚ ਸਵਾਰ ਹੋਏ ਸੁਰਜੀਤ ਕੌਰ ਮੁੜ ਸ਼ਾਮ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਘਰ ਵਾਪਸੀ ਕਰ ਗਏ। ਜਿਸ 'ਚ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਸੁਰਜੀਤ ਕੌਰ ਦੀ ਪਾਰਟੀ ਵਿੱਚ ਵਾਪਸੀ ਕਰਾ ਦਿੱਤੀ ਹੈ।
ਅਕਾਲੀ ਦਲ ਦਾ ਬਸਪਾ ਨੂੰ ਸਮਰਥਨ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਸੁਰਜੀਤ ਕੌਰ ਨੂੰ ਦਿੱਤੀ ਗਈ ਸੀ ਪਰ ਬਾਅਦ ਵਿੱਚ ਪਾਰਟੀ ਨੇ ਆਪਣਾ ਹੱਥ ਵਾਪਸ ਲੈ ਲਿਆ ਅਤੇ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਪਾਰਟੀ ਦੇ ਦੋ ਧੜੇ ਬਣ ਗਏ। ਇੱਕ ਧੜਾ ਸੁਰਜੀਤ ਕੌਰ ਦੀ ਟਿਕਟ ਦਾ ਸਮਰਥਨ ਕਰ ਰਿਹਾ ਹੈ, ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਧੜੇ ਦੇ ਆਗੂ ਬਸਪਾ ਦਾ ਸਮਰਥਨ ਕਰ ਰਹੇ ਹਨ। ਇਸ ਨੂੰ ਲੈ ਕੇ ਅਕਾਲੀ ਦਲ ਵਿਚ ਫੁੱਟ ਪੈ ਗਈ ਹੈ ਅਤੇ ਇਹੀ ਕਾਰਨ ਹੈ ਕਿ ਸੁਰਜੀਤ ਕੌਰ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਨਹੀਂ ਸਗੋਂ ਕਿਸੇ ਹੋਰ ਚੋਣ ਨਿਸ਼ਾਨ ‘ਤੇ ਚੋਣ ਲੜ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ 'ਚ ਆਪਸੀ ਫੁੱਟ: ਦੱਸ ਦਈਏ ਕਿ ਉਮੀਦਵਾਰ ਸੁਰਜੀਤ ਕੌਰ ਤੱਕੜੀ ਚੋਣ ਨਿਸ਼ਾਨ ਤੇ ਹੀ ਚੋਣ ਲੜਣਗੇ। ਜ਼ਿਮਨੀ ਚੋਣਾਂ ‘ਚ ਵੋਟਾਂ ਪੈਣ ਤੋਂ ਪਹਿਲਾਂ ਪੰਜਾਬ ‘ਚ ਵੱਡੀ ਸਿਆਸੀ ਹਲਚਲ ਹੋ ਸਕਦੀ ਹੈ। ਬਾਗੀ ਆਗੂਆਂ ਨੇ ਪੰਥਕ ਮੁੱਦਿਆਂ ਨੂੰ ਸੁਲਝਾਉਣ ਵਿੱਚ ਅਸਫਲ ਰਹਿਣ ਲਈ ਪਾਰਟੀ ਲੀਡਰਸ਼ਿਪ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਤਾਕਤ ਦਿਖਾਉਣ ਲਈ ਮੰਗਲਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 106 ਮੈਂਬਰਾਂ ਨਾਲ ਮੀਟਿੰਗ ਕੀਤੀ। ਬਾਦਲ ਨੇ ਕਿਹਾ ਕਿ ਪਾਰਟੀ ਬਸਪਾ ਉਮੀਦਵਾਰ ਦੀ ਹਮਾਇਤ ਦੇ ਫੈਸਲੇ ‘ਤੇ ਕਾਇਮ ਰਹੇਗੀ। ਹਾਲਾਂਕਿ ਸ਼ਾਮ ਨੂੰ ਸੁਰਜੀਤ ਕੌਰ ਨੂੰ ਮੁੜ ਬਾਗੀਆਂ ਨਾਲ ਦੇਖਿਆ ਗਿਆ ਤਾਂ ਬਾਦਲ ਨੇ ਕਿਹਾ ਕਿ ਕੁਝ ਆਗੂ ਪਾਰਟੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।