ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਬਾਰਡਰਾਂ 'ਤੇ ਧਰਨਾ ਲਗਾਤਾਰ ਜਾਰੀ ਹੈ। ਇਸੇ ਨੂੰ ਲੈ ਕੇ ਖਨੌਰੀ ਬਾਰਡਰ 'ਤੇ 26 ਨਵੰਬਰ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਸੁਖਜੀਤ ਹਰਦੋਝੰਡੇ ਨੇ ਐੱਸਕੇਐੱਮ (ਗੈਰ-ਸਿਆਸੀ) ਤੇ ਕੇਐੱਮਐੱਮ ਦੀ ਸਾਂਝੀ ਮੀਟਿੰਗ 'ਚ ਲਏ ਫੈਸਲੇ ਮਗਰੋਂ ਮਰਨ ਵਰਤ ਖਤਮ ਕਰ ਦਿੱਤਾ। ਜਦਕਿ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਉਤੇ ਬੈਠੇ ਸੁਖਜੀਤ ਸਿੰਘ ਹਰਦੋਝੰਡੇ ਨੂੰ ਨਾਰੀਅਲ ਪਾਣੀ ਪਿਆ ਕੇ ਉਨ੍ਹਾਂ ਦਾ ਮਰਨ ਵਰਤ ਸਮਾਪਤ ਕੀਤਾ।
ਕਿਸਾਨ ਆਗੂ ਹਰਦੋਝੰਡੇ ਦਾ ਮਰਨ ਵਰਤ ਸਮਾਪਤ, ਡੱਲੇਵਾਲ ਦਾ ਮਰਨ ਵਰਤ ਜਾਰੀ - KISAN PROTEST
ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੇ ਡੱਲੇਵਾਲ ਹੱਥੋਂ ਨਾਰੀਅਲ ਪੀਣ ਉਪਰੰਤ ਮਰਨ ਵਰਤ ਸਮਾਪਤ ਕਰ ਦਿੱਤਾ।

Published : Nov 30, 2024, 11:09 PM IST
ਰਿਹਾਅ ਹੋਣ ਮਗਰੋਂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 26 ਨਵੰਬਰ ਤੋਂ ਉਨ੍ਹਾਂ ਮਰਨ ਵਰਤ ਉਤੇ ਬੈਠਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਸਰਕਾਰ ਦੇ ਕਹਿਣ ਉਤੇ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਹਿਰਾਸਤ 'ਚ ਲੈ ਕੇ ਡੀਐਮਸੀ 'ਚ ਦਾਖ਼ਲ ਕਰਵਾ ਦਿੱਤਾ ਅਤੇ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਪਰ ਦਬਾਅ ਹੇਠ ਆ ਕੇ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ।ਇਸ ਤੋਂ ਬਾਅਦ ਉਹ ਰਾਤ ਨੂੰ ਖਨੌਰੀ ਬਾਰਡਰ ਪਹੁੰਚ ਗਏ।
ਮਰਨ ਵਰਤ ਜਾਰੀ ਰਹੇਗਾ
ਜਗਜੀਤ ਸਿੰਘ ਡੱਲੇਵਾਲ ਪਹਿਲਾਂ ਤੋਂ ਲਏ ਗਏ ਫੈਸਲੇ ਮੁਤਾਬਿਕ ਉਹ ਮਰਨ ਵਰਤ ਜਾਰੀ ਰੱਖਣਗੇ ਜਦਕਿ ਸੁਖਜੀਤ ਸਿੰਘ ਆਪਣਾ ਮਰਨ ਵਰਤ ਇੱਥੋਂ ਹੀ ਮੁਲਤਵੀ ਕਰਨਗੇ। ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਇਹ ਲੜਾਈ ਲੰਮਾ ਸਮਾਂ ਚੱਲਣ ਵਾਲੀ ਹੈ। ਜਿਸ ਲਈ ਇਕ ਤੋਂ ਬਾਅਦ ਇਕ ਕਿਸਾਨ ਆਗੂ ਮਰਨ ਵਰਤ 'ਤੇ ਬੈਠਣਗੇ। ਪ੍ਰਾਣ ਤਿਆਗਣ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਨਹੀਂ ਹੋਵੇਗਾ, ਸਗੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਥੇ ਅੰਦੋਲਨ 'ਤੇ ਰੱਖਿਆ ਜਾਵੇਗਾ ਤੇ ਧਰਨਾ ਖਤਮ ਹੋਣ ਤੋਂ ਬਾਅਦ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ। ਪਹਿਲਾਂ ਕੀਤੇ ਗਏ ਲੜੀਵਾਰ ਮਰਨ ਵਰਤ ਦੇ ਐਲਾਨ ਮੁਤਾਬਕ ਸੁਖਜੀਤ ਸਿੰਘ ਹਰਦੋਝੰਡੇ ਵੱਲੋਂ ਆਪਣਾ ਮਰਨ ਵਰਤ ਮੁੜ ਸ਼ੁਰੂ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨੀਆਂ ਜਾਣਗੀਆਂ।