ਪੈਰਾ ਮੈਡੀਕਲ ਸਟਾਫ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ (ETV BHARAT PUNJAB (ਬਠਿੰਡਾ ਰਿਪੋਟਰ)) ਬਠਿੰਡਾ: ਪਿਛਲੇ ਇੱਕ ਹਫਤੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਵੱਲੋਂ ਭਾਵੇਂ ਆਪਣੀ ਹੜਤਾਲ ਮੰਗਾਂ ਮੰਨੇ ਜਾਣ ਤੋਂ ਬਾਅਦ ਖਤਮ ਕਰ ਦਿੱਤੀ ਗਈ ਪਰ ਸਰਕਾਰ ਵੱਲੋਂ ਇਹਨਾਂ ਹੜਤਾਲ ਉੱਤੇ ਜਾਣ ਵਾਲੇ ਡਾਕਟਰਾਂ ਦੀਆਂ ਬਦਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਹੜਤਾਲ ਉੱਤੇ ਗਏ ਡਾਕਟਰਾਂ ਵਿੱਚੋਂ ਸੱਤ ਡਾਕਟਰਾਂ ਨੂੰ ਬਦਲ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਡਾਕਟਰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸਨ।
ਲੋਕਾਂ ਨੂੰ ਭਰਮਾਉਣ ਲਈ ਬਦਲੀਆਂ
ਇਹਨਾਂ ਬਦਲੀਆਂ ਦਾ ਪਤਾ ਚਲਦੇ ਹੀ ਪੈਰਾਮੈਡੀਕਲ ਸਟਾਫ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੈਰਾਮੈਡੀਕਲ ਸਟਾਫ ਦੇ ਸੂਬਾ ਆਗੂ ਗਗਨਦੀਪ ਸਿੰਘ ਮੰਡੀ ਕਲਾਂ ਨੇ ਕਿਹਾ ਕਿ ਸਰਕਾਰ ਵੱਲੋਂ ਭਾਵੇਂ ਡਾਕਟਰਾਂ ਦੀਆਂ ਮੰਗਾਂ ਮੰਨਣ ਸਬੰਧੀ ਐਲਾਨ ਕਰ ਦਿੱਤਾ ਗਿਆ ਹੈ ਪਰ ਦੂਸਰੇ ਪਾਸੇ ਡਾਕਟਰਾਂ ਦੀ ਬਦਲੀ ਕਰਕੇ ਉਹਨਾਂ ਦੀ ਤਾਇਨਾਤੀ ਗਿੱਦੜਬਾਹਾ ਵਿਖੇ ਕੀਤੀ ਜਾ ਰਹੀ ਹੈ, ਜਿੱਥੇ ਆਉਣ ਵਾਲੇ ਦਿਨਾਂ ਵਿੱਚ ਜ਼ਿਮਨੀ ਚੋਣ ਹੋਣੀ ਹੈ। ਸਰਕਾਰ ਵੱਲੋਂ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੋਟਰਾਂ ਨੂੰ ਭਰਮਾ ਸਕੇ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਸਰਕਾਰ ਦੀਆਂ ਇਹਨਾਂ ਚਾਲਾਂ ਨੂੰ ਸਮਝਦੇ ਹਨ।
ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ
ਜੇਕਰ ਸਰਕਾਰ ਨੂੰ ਲੋਕਾਂ ਦੀਆਂ ਸਿਹਤ ਸਹੂਲਤਾਂ ਦੀ ਇੰਨੀ ਹੀ ਚਿੰਤਾ ਸੀ ਤਾਂ ਉਹ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਸਿਹਤ ਵਿਭਾਗ ਵਿੱਚ ਡਾਕਟਰ ਅਤੇ ਸਟਾਫ ਦੀ ਭਰਤੀ ਕਰਦੇ ਨਾ ਕਿ ਡਾਕਟਰਾਂ ਦੀ ਬਦਲੀ ਕਰਕੇ ਕੰਮ ਚਲਾਉਂਦੇ। ਉਹ ਸਰਕਾਰ ਦੇ ਇਹਨਾਂ ਕਾਰਨਾਮਿਆਂ ਨੂੰ ਲੋਕਾਂ ਵਿੱਚ ਲੈ ਕੇ ਜਾਣਗੇ ਅਤੇ ਅਪੀਲ ਕਰਨਗੇ ਕਿ ਵੋਟ ਮੰਗਣ ਆਏ ਸੱਤਾਧਿਰ ਦੇ ਨੁਮਾਇੰਦਿਆਂ ਤੋਂ ਸਵਾਲ ਜਰੂਰ ਕਰਨ ਕਿ ਆਖਿਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕਦੋਂ ਸੁਧਾਰ ਹੋਵੇਗਾ। ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।