ਖੰਨਾ: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਦਿੱਲੀ ਪਠਾਨਕੋਟ ਐਕਸਪ੍ਰੈਸ 'ਤੇ ਪੱਥਰ ਮਾਰੇ ਗਏ। ਇਹ ਘਟਨਾ ਲੁਧਿਆਣਾ ਅਤੇ ਖੰਨਾ ਵਿਚਕਾਰ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਵਾਪਰੀ। ਇੱਕ ਪੱਥਰ ਬੋਗੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਯਾਤਰੀ ਦੇ ਮੂੰਹ 'ਤੇ ਜਾ ਵੱਜਿਆ। ਪਾਣੀਪਤ ਦਾ ਰਹਿਣ ਵਾਲਾ ਇਹ ਯਾਤਰੀ ਜ਼ਖ਼ਮੀ ਹੋ ਗਿਆ। ਜਿਸ ਨੂੰ ਸਰਹਿੰਦ ਰੇਲਵੇ ਸਟੇਸ਼ਨ 'ਤੇ ਉਤਾਰ ਕੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਜ਼ਖ਼ਮੀ ਯੁਵਰਾਜ ਸਿੰਘ ਦੇ ਦੰਦ ਟੁੱਟ ਗਏ ਹਨ ਅਤੇ ਬੁੱਲ੍ਹਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸੀ ਪੀੜਤ ਯੁਵਰਾਜ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਯੁਵਰਾਜ ਸਿੰਘ ਆਪਣੀ ਮਾਤਾ ਸੁਖਵਿੰਦਰ ਕੌਰ ਅਤੇ ਰਿਸ਼ਤੇਦਾਰ ਕਵਲਜੀਤ ਸਿੰਘ ਨਾਲ ਰੇਲ ਗੱਡੀ ਨੰਬਰ 22430 ਦਿੱਲੀ ਪਠਾਨਕੋਟ ਐਕਸਪ੍ਰੈਸ ਦੀ ਬੋਗੀ ਨੰਬਰ ਡੀ-2 ਵਿੱਚ ਸਫ਼ਰ ਕਰ ਰਿਹਾ ਸੀ। ਉਨ੍ਹਾਂ ਦੇ ਸੀਟ ਨੰਬਰ 79, 80 ਅਤੇ 81 ਸਨ। ਯੁਵਰਾਜ ਸੀਟ ਨੰਬਰ 79 'ਤੇ ਬੈਠਾ ਸੀ। ਲੁਧਿਆਣਾ ਵਿਖੇ ਰੁਕਣ ਤੋਂ ਬਾਅਦ ਟ੍ਰੇਨ ਦਾ ਸਰਹਿੰਦ ਸਟੌਪੇਜ਼ ਹੈ। ਜਿਵੇਂ ਹੀ ਰੇਲਗੱਡੀ ਦੋਰਾਹਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਬਾਹਰੋਂ ਇੱਕ ਪੱਥਰ ਸ਼ੀਸ਼ਾ ਤੋੜਦਾ ਹੋਇਆ ਯੁਵਰਾਜ ਦੇ ਮੂੰਹ 'ਤੇ ਵੱਜਿਆ। ਯੁਵਰਾਜ ਦੇ ਦੰਦ ਟੁੱਟ ਗਏ ਅਤੇ ਬੁੱਲ੍ਹਾਂ 'ਤੇ ਗੰਭੀਰ ਸੱਟਾਂ ਕਾਰਨ ਕਾਫੀ ਖੂਨ ਵਹਿ ਗਿਆ ਸੀ।