ਜਲੰਧਰ:ਇੱਕ ਸਮਾਂ ਸੀ ਜੱਦ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਦੀ ਛੱਤ ਉੱਪਰ ਫੁੱਟਬਾਲ, ਹਵਾਈ ਜਹਾਜ਼ ਵਾਲੀਆਂ ਪਾਣੀ ਦੀਆਂ ਟੈਂਕੀਆਂ ਆਮ ਦਿਖਾਈ ਦਿੰਦੀਆਂ ਸੀ ਜਿਸ ਨਾਲ ਉਸ ਘਰ ਦੀ ਇੱਕ ਅਲੱਗ ਪਛਾਣ ਬਣ ਜਾਂਦੀ ਸੀ, ਪਰ ਹੁਣ ਇਹ ਪਛਾਣ ਸਿਰਫ ਪਾਣੀ ਦੀਆਂ ਟੈਂਕੀਆਂ ਤੱਕ ਹੀ ਸੀਮਿਤ ਨਹੀਂ ਹੈ। ਹੁਣ ਲੋਕ ਆਪਣੇ ਘਰਾਂ ਦੀ ਛੱਤ ਉੱਪਰ ਅਲੱਗ ਅਲੱਗ ਸਟੈਚੂ ਬਣਵਾਕੇ ਆਪਣੇ ਘਰਾਂ ਦੀ ਵੱਖਰੀ ਪਛਾਣ ਬਣਾ ਰਹੇ ਹਨ।
ਸਟੈਚੂ ਬਣਾਉਣ ਉੱਤੇ ਆਇਆ ਕਰੀਬ 3 ਲੱਖ ਦਾ ਖ਼ਰਚ : ਇਹ ਸਟੈਚੂ ਆਫ ਲਿਬਰਟੀ ਜਲੰਧਰ ਵਿਖੇ ਨਕੋਦਰ ਇਲਾਕੇ ਦੇ ਪਿੰਡ ਬਾਜੂਹਾਂ ਖੁਰਦ ਵਿਖ਼ੇ ਇੱਕ ਐਨਆਰਆਈ ਵੱਲੋਂ ਬਣਵਾਇਆ ਗਿਆ ਹੈ। ਇਸ ਸਟੈਚੂ ਨੂੰ ਐਨਆਰਆਈ ਨੇ ਆਪਣੀ ਦੋ ਮੰਜਿਲਾ ਕੋਠੀ ਉੱਪਰ ਬਣਵਾਇਆ ਹੈ। ਦਲਬੀਰ ਸਿੰਘ ਨਾਮ ਦਾ ਇਹ ਐਨਆਰਆਈ ਪਹਿਲਾਂ ਅਮਰੀਕਾ ਵਿੱਚ ਰਹਿੰਦਾ ਸੀ ਅਤੇ ਹੁਣ ਉਹ ਕੈਨੇਡਾ ਵਿੱਚ ਰਹਿੰਦਾ ਹੈ।
ਪਿੰਡ ਵਿੱਚ ਐਨਆਰਆਈ ਦਲਬੀਰ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਨੂੰ ਸ਼ੌਂਕ ਹੈ ਕਿ ਪਿੰਡ ਵਿੱਚ ਉਸ ਦੀ ਆਪਣੀ ਇੱਕ ਅਲੱਗ ਪਛਾਣ ਬਣੇ। ਇਸ ਲਈ ਲਈ ਉਸ ਨੇ ਸਟੈਚੂ ਆਫ ਲਿਬਰਟੀ ਨੂੰ ਆਪਣੀ ਕੋਠੀ ਦੀ ਛੱਤ ਉੱਤੇ ਬਣਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦਾ ਸਟੈਚੂ ਆਫ ਲਿਬਰਟੀ ਹੈ, ਜੇ ਤਕ ਪੰਜਾਬ ਵਿੱਚ ਨਹੀਂ ਬਣਿਆ। ਉਨ੍ਹਾਂ ਦੱਸਿਆ ਕਿ ਇਸ ਦੀ ਉਚਾਈ ਕਰੀਬ 20 ਫੁੱਟ ਹੈ ਅਤੇ ਇਸ ਨੂੰ ਬਣਾਉਣ ਵਿੱਚ ਕਰੀਬ 3 ਲੱਖ ਰੁਪਏ ਦਾ ਖ਼ਰਚ (NRI House In Jalandhar) ਆਇਆ ਹੈ।
ਸੰਤੋਖ ਦੇ ਦੋਵੇਂ ਪੁੱਤਰ ਵਿਦੇਸ਼ ਸੈਟਲ: ਸੰਤੋਖ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਉੱਤੇ ਮਾਣ ਹੈ ਕਿ ਉਹ ਵਿਦੇਸ਼ ਵਿੱਚ ਰਹਿ ਕੇ ਵੀ ਆਪਣਾ ਪਿਛੋਕੜ ਨਹੀਂ ਭੁੱਲਿਆ, ਸਗੋਂ ਅਮਰੀਕਾ ਦੀ ਪਛਾਣ ਸਟੈਚੂ ਆਫ ਲਿਬਰਟੀ ਨੂੰ ਆਪਣੀ ਕੋਠੀ ਦੀ ਛੱਤ ਉੱਤੇ ਬਣਵਾ ਕੇ ਆਪਣੇ ਪਿੰਡ ਦੀ ਪੂਰੇ ਇਲਾਕੇ ਵਿੱਚ ਇਕ ਅਲੱਗ ਪਹਿਚਾਣ ਬਣਾਈ ਹੈ। ਉਨ੍ਹਾਂ ਮੁਤਾਬਕ, ਇਹ ਸਟੈਚੂ ਆਫ ਲਿਬਰਟੀ ਪਿੰਡ ਦੇ ਬਾਹਰ ਤੋਂ ਹੀ ਦਿਖਾਈ ਦਿੰਦਾ ਹੈ। ਹਾਲਾਂਕਿ, ਇਹ ਸਟੈਚੂ ਪਿੰਡ ਦੇ ਬਿਲਕੁਲ ਵਿਚਕਾਰ ਬਣਿਆ ਹੈ, ਪਰ ਇਸ ਦੇ ਬਾਵਜੂਦ ਇਸ ਨੂੰ ਕਈ ਕਿਲੋਮੀਟਰ ਤੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬੇਟਾ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਦੂਜਾ ਬੇਟਾ ਕੈਨੇਡਾ ਵਿੱਚ ਰਹਿੰਦਾ ਹੈ। ਦੋਨਾਂ ਵੱਲੋਂ ਸਲਾਹ ਕਰਕੇ ਇਹ ਸਟੈਚੂ ਬਣਵਾਇਆ ਗਿਆ ਹੈ।