ਹੈਦਰਾਬਾਦ ਡੈਸਕ: ਧਰਮ ਅਤੇ ਮਨੁੱਖੀ ਕਦਰਾਂ-ਕੀਮਤਾਂ, ਆਦਰਸ਼ਾਂ ਤੇ ਸਿਧਾਂਤਾਂ ਦੀ ਰਾਖੀ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਵਾਲਿਆਂ ਚੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਨਾਮ ਇਤਿਹਾਸ ਦੇ ਪੰਨੇ ਵਿੱਚ ਦਰਜ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਪਿਆਰ, ਤਿਆਗ ਅਤੇ ਕੁਰਬਾਨੀ ਦੇ ਸਰਵਉੱਚ ਪ੍ਰਤੀਕਾਤਮਕ ਹਨ। ਅੱਜ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਦੇਸ਼-ਵਿਦੇਸ਼ ਵਿੱਚ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।
ਜਨਮ ਤੇ ਬਲੀਦਾਨ: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1621 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ, ਪੰਜਾਬ ਵਿਖੇ ਹੋਇਆ ਸੀ। ਉਹ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਬਚਪਨ ਵਿੱਚ ਉਨ੍ਹਾਂ ਦਾ ਨਾਮ ਤਿਆਗਮਲ ਸੀ। ਉਹ ਬਚਪਨ ਤੋਂ ਹੀ ਧਾਰਮਿਕ, ਨਿਡਰ, ਵਿਚਾਰਵਾਨ ਅਤੇ ਦਿਆਲੂ ਸੁਭਾਅ ਦੇ ਰਹੇ ਸਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ, ਉਨ੍ਹਾਂ ਵਿੱਚ 15 ਰਾਗਾਂ ਦੇ 59 ਸ਼ਬਦ ਤੇ 57 ਸ਼ਲੋਕ ਹਨ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 1675 ਈਸਵੀਂ ਵਿੱਚ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਕਿਉਂਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਇਸਲਾਮ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ, ਮੁਗਲ ਬਾਦਸ਼ਾਹ ਦੇ ਹੁਕਮ 'ਤੇ ਗੁਰੂ ਜੀ ਦਾ ਸਾਰਿਆਂ ਦੇ ਸਾਹਮਣੇ ਸਿਰ ਕਲਮ ਕਰ ਦਿੱਤਾ ਗਿਆ।