ਲੁਧਿਆਣਾ:ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਕਾਰੋਬਾਰੀ ਅਤੇ ਸਮਾਜ ਸੇਵੀ ਆਹਹੋ ਸਾਹਮਣੇ ਹੋ ਗਏ ਹਨ। ਲੁਧਿਆਣਾ ਦੇ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਜੋ ਕਿ ਬੁੱਢੇ ਨਾਲੇ ਦੇ ਕੰਢੇ 'ਤੇ ਸਥਿਤ ਹੈ, ਉੱਥੇ ਅੱਜ ਕਾਲੇ ਪਾਣੀ ਦੇ ਖਿਲਾਫ ਮੋਰਚਾ ਲਾਉਣ ਵਾਲਿਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਹੋਰ ਸਮਾਜ ਸੇਵੀ ਸ਼ਾਮਿਲ ਹੋਏ। ਜਿਨਾਂ ਨੇ ਐਲਾਨ ਕੀਤਾ ਕਿ ਤਿੰਨ ਦਸੰਬਰ ਦਾ ਦਿਨ ਹੁਣ ਮੁਕਰਰ ਕੀਤਾ ਗਿਆ ਹੈ, ਜਿਸ ਦਿਨ ਬੁੱਢੇ ਨਾਲੇ ਨੂੰ ਬਨ੍ਹ ਲਾਇਆ ਜਾਣਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੂਰਤ ਦੇ ਵਿੱਚ ਹੁਣ ਅਸੀਂ ਨਹੀਂ ਰੁਕਾਂਗੇ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਨੂੰ ਰੋਕੇਗਾ ਤਾਂ ਲੋਕ ਇੱਥੇ ਵੱਡੀ ਗਿਣਤੀ 'ਚ ਪਹੁੰਚਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਾਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਲੋਕ ਇੱਥੇ ਤੱਕ ਜ਼ਰੂਰ ਪਹੁੰਚਣ ਅਤੇ ਜੇਕਰ ਉਹਨਾਂ ਨੂੰ ਰਸਤੇ ਵਿੱਚ ਰੋਕਿਆ ਜਾਂਦਾ ਹੈ ਤਾਂ ਉਹ ਸੜਕਾਂ ਬੰਦ ਕਰ ਦੇਣ।
ਬੁੱਢੇ ਨਾਲੇ 'ਤੇ ਬੰਨ੍ਹ ਦੀ ਤਿਆਰੀ
ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਹੋਰ ਸਮਾਜ ਸੇਵੀਆਂ ਨੇ ਕਿਹਾ ਕਿ, ਹੁਣ ਆਰ ਪਾਰ ਦੀ ਲੜਾਈ ਹੈ ਅਤੇ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਤੱਕ, ਰਾਜਪਾਲ ਤੱਕ ਵੀ ਪਹੁੰਚ ਕਰ ਚੁੱਕੇ ਹਾਂ ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ ਨਾ ਹੀ ਪ੍ਰਸ਼ਾਸਨ ਅਤੇ ਪੁਲਿਸ ਇਸ 'ਤੇ ਕੋਈ ਕਾਰਵਾਈ ਕਰ ਰਹੀ ਹੈ। ਇਸ ਕਰਕੇ ਅਸੀਂ ਹੁਣ ਤਿੰਨ ਦਸੰਬਰ ਨੂੰ ਫੈਸਲਾ ਕੀਤਾ ਹੈ ਕਿ ਤਾਜਪੁਰ ਰੋਡ 'ਤੇ ਅਤੇ ਨਾਲ ਹੀ ਫੋਕਲ ਪੁਆਇੰਟ ਵਿਖੇ ਬੁੱਢੇ ਨਾਲੇ 'ਤੇ ਬੰਨ੍ਹ ਲਗਾਇਆ ਜਾਵੇਗਾ।
ਅਸੀਂ 15 ਸਤੰਬਰ ਤੋਂ ਬਾਅਦ ਹੀ ਬੁੱਢੇ ਨਾਲੇ ਨੂੰ ਬੰਦ ਕਰਨਾ ਚਾਹੁੰਦੇ ਸੀ ਪਰ ਉਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਕਿਹਾ ਸੀ ਕਿ ਅਸੀਂ ਬੰਦ ਕਰਨਾ ਚਾਹੁੰਦੇ। ਜਿਸ ਕਾਰਨ ਅਸੀਂ ਕੋਈ ਕਾਰਵਾਈ ਨਹੀਂ ਕੀਤੀ। ਇੰਨ੍ਹਾਂ ਸਮਾਂ ਲੰਘ ਜਾਣ ਕਾਰਨ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ 3 ਦਸੰਬਰ ਨੂੰ ਹੁਣ ਬੁੱਢੇ ਨਾਲੇ ਨੂੰ ਤਾਜਪੁਰ ਰੋਡ ਫੋਕਲ ਪੁਆਇੰਟ ਵਿਖੇ ਬੰਨ੍ਹ ਲਗਾਵਾਂਗੇ। -ਅਮਿਤੋਜ ਮਾਨ, ਸਮਾਜਸੇਵੀ