ਪੰਜਾਬ

punjab

ETV Bharat / state

ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2024 ਵਿੱਚ ਕੀ ਖੱਟਿਆ ਕੀ ਗਵਾਇਆ - SHIROMANI AKALI DAL

ਸ਼੍ਰੋਮਣੀ ਅਕਾਲੀ ਦਲ ਲਈ ਸਾਲ 2024 ਸੰਘਰਸ਼ ਭਰਿਆ ਰਿਹਾ ਹੈ। ਇਸ ਰਿਪੋਰਟ 'ਚ ਦੇਖੋ ਪਾਰਟੀ ਨੇ ਇਸ ਸਾਲ ਕੀ ਖੱਟਿਆ ਤੇ ਕੀ ਗਵਾਇਆ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ
ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

By ETV Bharat Punjabi Team

Published : 6 hours ago

Updated : 6 hours ago

ਚੰਡੀਗੜ੍ਹ: ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਇੰਨੀ ਦਿਨੀਂ ਬਹੁਤੇ ਠੀਕ ਨਹੀਂ ਚੱਲ ਰਹੇ ਹਨ। ਪੰਜਾਬ ਦੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਲਗਾਤਾਰ 15 ਸਾਲ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਸਾਲ 2024 ਬਹੁਤਾ ਠੀਕ ਨਹੀਂ ਰਿਹਾ, ਜਿਸ ਕਾਰਨ ਅਕਾਲੀ ਦਲ ਅੱਜ ਹਾਸ਼ੀਏ 'ਤੇ ਪਹੁੰਚ ਗਿਆ ਹੈ। ਹਾਲਾਤ ਇਸ ਕਦਰ ਖਰਾਬ ਹੋਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਨੀ ਪਈ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਸੁਖਬੀਰ ਬਾਦਲ ਤਨਖਾਹੀਆ ਕਰਾਰ

ਪਿਛਲੇ ਸਮੇਂ ਵਿੱਚ ਵਾਪਰੇ ਘਟਨਾਕ੍ਰਮਾਂ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਭੰਗ ਕਰਨ ਦੇ ਆਦੇਸ਼ ਦੇ ਦਿੱਤੇ ਗਏ ਅਤੇ ਅਕਾਲੀ ਸਰਕਾਰ ਸਮੇਂ ਸਤਾ ਦਾ ਨਿੱਘ ਮਾਣਨ ਵਾਲੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਤੱਕ ਕਰਾਰ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਸਰਕਾਰ ਸਮੇਂ ਦੇ ਕੈਬਨਿਟ ਮੰਤਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਧਾਰਮਿਕ ਸਜ਼ਾ ਤੱਕ ਸੁਣਾਈ ਗਈ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ-ਏ-ਕੌਮ ਸਨਮਾਨ ਵਾਪਸ ਲਿਆ

ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ-ਏ-ਕੌਮ ਸਨਮਾਨ ਵੀ ਵਾਪਸ ਲੈ ਲਿਆ ਗਿਆ। ਸ਼ਾਇਦ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੋਵੇਗਾ ਕਿ ਕਿਸੇ ਵਿਅਕਤੀ ਦੇ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਤੋਂ ਬਾਅਦ ਉਸ ਤੋਂ ਇੰਝ ਸਨਮਾਨ ਵਾਪਸ ਲਿਆ ਗਿਆ ਹੋਵੇ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਕੇ ਪ੍ਰਧਾਨ ਦੀ ਮੁੜ ਤੋਂ ਚੋਣ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

100 ਸਾਲ ਪੁਰਾਣੀ ਪਾਰਟੀ ਦੀ ਤਰਸਯੋਗ ਹਾਲਤ

ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ 1919 ਵਿੱਚ ਹੋਂਦ ਵਿੱਚ ਆਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਕਰੀਬ 100 ਸਾਲ ਬਾਅਦ ਇਸ ਤਰ੍ਹਾਂ ਖੇਰੂ-ਖੇਰੂ ਹੋ ਜਾਵੇਗਾ ਅਤੇ ਲੀਡਰਸ਼ਿਪ ਇੱਕ ਦੂਸਰੇ 'ਤੇ ਗੰਭੀਰ ਦੋਸ਼ ਲਾਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਰਾਜਨੀਤੀ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ਤੇਜ਼ੀ ਨਾਲ ਉਭਾਰਿਆ ਗਿਆ। ਜਿਨਾਂ ਵਿੱਚ ਪ੍ਰਮੁੱਖ ਤੌਰ 'ਤੇ ਚੰਡੀਗੜ੍ਹ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦਾ ਮੁੱਦਾ ਅਤੇ ਐਸਵਾਈਐਲ ਦਾ ਮੁੱਦਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)
ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਸਿੱਖ, ਸਿੱਖੀ ਅਤੇ ਸਿੱਖ ਧਰਮ ਦਾ ਘਾਣ ਕਰਨ ਦੇ ਦੋਸ਼

ਪੰਜਾਬ ਵਿੱਚ ਸਾਲ 1997 ਵਿੱਚ ਹਿੰਦੂ ਸਿੱਖ ਏਕਤਾ ਦਾ ਨਾਰਾ ਲੈ ਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਕਾਰ ਬਣਾਈ ਗਈ ਸੀ। ਫਿਰ 2007 ਤੋਂ 2017 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਰਾਜ ਕੀਤਾ ਗਿਆ। ਸਾਲ 2012 ਤੋਂ 2017 ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵਾਪਰੇ ਘਟਨਾਕ੍ਰਮ ਨੇ ਅਕਾਲੀ ਦਲ ਦੀ ਕਾਰਜਸ਼ਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ। ਇਹ ਸਵਾਲ ਹੁਣ ਤੱਕ ਬਰਕਰਾਰ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਿਰਦਰਦ ਬਣੇ ਹੋਏ ਹਨ। ਸਿੱਖ ਧਰਮ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ 'ਤੇ ਸਭ ਤੋਂ ਵੱਧ ਸਿੱਖ, ਸਿੱਖੀ ਅਤੇ ਸਿੱਖ ਧਰਮ ਦਾ ਘਾਣ ਕਰਨ ਦੇ ਦੋਸ਼ ਲੱਗੇ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

13 ਚੋਂ 1 ਲੋਕ ਸਭਾ ਸੀਟ 'ਤੇ ਜਿੱਤ, ਬਾਕੀ ਜ਼ਮਾਨਤ ਜ਼ਬਤ

ਸਾਲ 2024 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਾਲ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਸਿਰਫ਼ ਇੱਕ ਸੀਟ ਹੀ ਜਿੱਤੀ ਜਾ ਸਕੀ, ਜਦਕਿ 10 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਇੰਨਾਂ ਚੋਣਾਂ 'ਚ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਜਿੱਤੀ ਗਈ ਕਿਉਂਕਿ ਲਗਾਤਾਰ ਵਿਰੋਧੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਸਮੇਂ ਘਟਨਾਕ੍ਰਮਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਜਾਂਦਾ ਰਿਹਾ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਅਕਾਲੀ ਸਰਕਾਰ ਸਮੇਂ ਦੇ ਮੁੱਦੇ ਗਲੇ ਦੀ ਹੱਡੀ

ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ, ਭਾਵੇਂ ਬਹਿਬਲ ਕਲਾ ਅਤੇ ਕੋਟਕਪੂਰਾ ਵਿਖੇ ਵਾਪਰਿਆ ਗੋਲੀ ਕਾਂਡ ਹੋਵੇ, ਜਾਂ ਫਿਰ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮੁੱਦਾ ਹੋਵੇ। ਇਹਨਾਂ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਏ ਨੂੰ ਕਰੀਬ ਸੱਤ ਸਾਲ ਦਾ ਸਮਾਂ ਹੋ ਗਿਆ ਪਰ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਵਿਰੋਧੀਆਂ ਦੇ ਇੰਨੇ ਸਵਾਲਾਂ ਦੇ ਜਵਾਬ ਦੇਣ ਵਿੱਚ ਸਫਲ ਨਹੀਂ ਹੋ ਸਕਿਆ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਕਾਰਸ਼ਾਲੀ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸਿਆਸੀ ਜਮੀਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਰਾਜਨੀਤਿਕ ਜਮੀਨ ਲਗਾਤਾਰ ਘੱਟਦੀ ਹੋਈ ਨਜ਼ਰ ਆ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਸ਼੍ਰੋਮਣੀ ਅਕਾਲੀ ਦਲ ਲਏ ਗਏ ਫੈਸਲੇ ਜੋ ਗਲਤ ਸਾਬਿਤ ਹੋਏ

  • ਡੇਰਾ ਸਿਰਸਾ ਮੁਖੀ ਰਾਮ ਰਹੀਮ ਖਿਲਾਫ ਦਰਜ ਮਾਮਲੇ ਨੂੰ ਰੱਦ ਕਰਾਉਣ ਲਈ ਝੂਠੀ ਕੈਂਸਲੇਸ਼ਨ ਰਿਪੋਰਟ ਤਿਆਰ ਕਰਨਾ।
  • ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਉਣਾ।
  • ਰਾਮ ਰਹੀਮ ਨੂੰ ਮੁਆਫ਼ੀ ਲਈ ਗੁਰੂ ਦੀ ਗੋਲਕ ਦੇ ਪੈਸੇ ਦੀ ਦੂਰਵਰਤੋਂ ਕਰਨਾ।
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਬਣਦੀ ਕਾਰਵਾਈ ਨਹੀਂ ਕਰਨਾ।
  • ਬਹਿਬਲ ਕਲਾ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨਾ।
  • ਨਿਹੱਥੇ ਸਿੱਖਾਂ ਦੇ ਕਾਤਲ ਪੁਲਿਸ ਅਧਿਕਾਰੀਆਂ ਨੂੰ ਉੱਚ ਅਹੁਦੇ ਦੇਣਾ।
  • ਪੰਜਾਬ ਅਤੇ ਸਿੱਖਾਂ ਦੇ ਮੁੱਦਿਆਂ ਦਾ ਤਿਆਗ ਕਰਨਾ।
ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਬਾਗੀ ਲੀਡਰਾਂ ਨੇ ਬਣਾਈ ਸੁਧਾਰ ਲਹਿਰ

ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਆਪਸੀ ਖਿੱਚੋਤਾਣ ਦੇ ਚੱਲਦਿਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਦਾ ਵੱਡਾ ਨੁਕਸਾਨ ਵੇਖਣ ਨੂੰ ਮਿਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵਿੱਚੋਂ ਹੀ ਬਗਾਵਤੀ ਸੁਰ ਨਿਕਲਣੇ ਸ਼ੁਰੂ ਹੋ ਗਏ ਅਤੇ 2024 ਵਿੱਚ ਹੀ ਹੋਈਆਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਲੜਨ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਸੁਧਾਰ ਲਹਿਰ ਨੇ ਵੀ ਪਾਰਟੀ ਦੇ ਇਸ ਫੈਸਲੇ 'ਤੇ ਸਵਾਲ ਖੜੇ ਕੀਤੇ ਸੀ। ਜਦਕਿ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਕਾਰਨ ਅਕਾਲੀ ਲੀਡਰਾਂ ਦਾ ਤਰਕ ਸੀ ਕਿ ਜਰਨੈਲ ਬਿਨਾਂ ਫੌਜ ਕਿਵੇਂ ਲੜ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਸੁਧਾਰ ਲਹਿਰ ਵਲੋਂ ਸੁਖਬੀਰ ਬਾਦਲ ਦੀ ਸ਼ਿਕਾਇਤ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਗਈ। ਪਾਰਟੀ ਦੀ ਲਗਾਤਾਰ ਹੋ ਰਹੀ ਹਾਰ ਲਈ ਸੁਧਾਰ ਲਹਿਰ ਦੇ ਆਗੂਆਂ ਵਲੋਂ ਕਿਤੇ ਨਾ ਕਿਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਜਾਣ ਲੱਗਾ। ਇਸ ਦੌਰਾਨ ਉਹਨਾਂ ਤੋਂ ਅਸਤੀਫੇ ਦੀ ਮੰਗ ਤੱਕ ਕੀਤੀ ਜਾਣ ਲੱਗੀ, ਇਹ ਖਿੱਚੋਤਾਣ ਇਸ ਹੱਦ ਤੱਕ ਵੱਧ ਗਈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸਿੱਖਾਂ ਦੇ ਸਰਬਉਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕੀਤੀ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਪਾਰਟੀ ਦਾ ਨਵਾਂ ਢਾਂਚਾ ਖੜਾ ਕਰਨ ਦੇ ਹੁਕਮ

ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਸਰਬ ਉਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਂਦ ਵਿੱਚ ਆਇਆ ਸੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਗੁਨਾਹਗਾਰ ਮੰਨਿਆ, ਉਥੇ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਅਤੇ ਅਕਾਲੀ ਦਲ ਦਾ ਢਾਂਚਾ ਭੰਗ ਕਰਕੇ ਮੁੜ ਤੋਂ ਨਾਂ ਢਾਂਚਾ ਖੜਾ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਰੇ ਲੀਡਰਾਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਦੀ ਹਦਾਇਤ ਵੀ ਕੀਤੀ ਗਈ। ਜਿਸ ਦੇ ਚੱਲਦਿਆਂ ਅਕਾਲੀ ਦਲ ਸੁਧਾਰ ਲਹਿਰ ਵਲੋਂ ਆਪਣਾ ਢਾਂਚਾ ਭੰਗ ਕਰ ਦਿੱਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੀ ਖੱਟਿਆ ਕੀ ਗਵਾਇਆ (ETV BHARAT)

ਨਵੇਂ ਸਾਲ 'ਤੇ ਨਵੀਂ ਉਮੀਦ !

ਹੁਣ ਵੇਖਣਾ ਇਹ ਹੋਵੇਗਾ ਕਿ 100 ਸਾਲ ਪਹਿਲਾਂ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਜੋ ਹਾਲਾਤ 2024 ਵਿੱਚ ਵੇਖਣ ਨੂੰ ਮਿਲੇ ਹਨ, ਉਨਾਂ ਵਿੱਚ ਕਿੰਨਾ ਕੁ ਸੁਧਾਰ ਵੇਖਣ ਨੂੰ ਮਿਲੇਗਾ। ਕੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਲੋਕਾਂ ਵਿੱਚ ਵਿਚਰੇਗਾ ਜਾਂ ਖੇਰੂ-ਖੇਰੂ ਹੋ ਚੁੱਕੇ ਪਾਰਟੀ ਦੇ ਢਾਂਚੇ ਨੂੰ ਮੁੜ ਮਜਬੂਤ ਕਰਨ ਲਈ ਬਾਗੀਆਂ-ਦਾਗੀਆਂ ਨੂੰ ਪਾਰਟੀ ਵਿੱਚ ਮੁੜ ਸ਼ਾਮਿਲ ਕਰੇਗਾ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Last Updated : 6 hours ago

ABOUT THE AUTHOR

...view details