FARMERS MOVEMENT UPDATE : ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੋਰਚਾ ਲਗਾਤਾਰ ਜਾਰੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 16 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਅੱਜ ਉਨ੍ਹਾਂ ਦੇ ਮਰਨ ਵਰਤ ਦਾ 17ਵਾਂ ਦਿਨ ਹੈ। ਡਾਕਟਰਾਂ ਮੁਤਾਬਿਕ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ 12 ਕਿਲੋ ਤੋਂ ਜਿਆਦਾ ਵਜਨ ਵੀ ਘੱਟ ਗਿਆ ਹੈ। ਇਸ ਸਭ ਦੇ ਬਾਵਜੂਦ ਡੱਲੇਵਾਲ ਵੱਲੋਂ ਅੱਜ ਕਿਸਾਨਾਂ ਨੂੰ ਅਪੀਲ਼ ਕੀਤੀ ਗਈ। ਉਨ੍ਹਾਂ ਇੱਕ ਵੀਡੀਓ ਜਾਰੀ ਕਰ ਆਖਿਆ ਕਿ ਸਰਕਾਰ ਮੋਰਚੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਇੰਟਰਨੈੱਟ ਹੋ ਸਕਦਾ ਹੈ ਬੰਦ
ਕਿਸਾਨ ਆਗੂ ਨੇ ਆਖਿਆ ਕਿ "ਰਾਤ ਵੀ ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿੱਤਾ ਸੀ। ਕੁੱਝ ਨਹੀਂ ਚੱਲ ਰਿਹਾ ਸੀ। ਡੱਲੇਵਾਲ ਨੇ ਆਖਿਆ ਕਿ ਜਿਸ ਤਰ੍ਹਾਂ ਹਰਿਆਣਾ ਵਿੱਚ ਇੰਟਰਨੈੱਟ ਸੇਵਾ ਬੰਦ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਇਲਾਕੇ ਵਿੱਚ ਵੀ ਸਰਹੱਦ ਤੋਂ ਡੇਢ ਕਿਲੋਮੀਟਰ ਤੱਕ ਇੰਟਰਨੈੱਟ ਬੰਦ ਕੀਤਾ ਜਾ ਰਿਹਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ। ਉਨ੍ਹਾਂ ਲੋਕਾਂ ਨੂੰ ਅਪੀਲ਼ ਕਰਦੇ ਹੋਏ ਆਖਿਆ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ, ਇਸ ਲਈ ਹਰ ਘਰ ਚੋਂ ਇੱਕ-ਇੱਕ ਮੈਂਬਰ ਇਸ ਮੋਰਚੇ 'ਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ। ਕਿਸਾਨ ਆਗੂ ਨੇ ਭਾਵੁਕ ਹੁੰਦੇ ਆਖਿਆ ਕਿ ਹੁਣ ਸਮਾਂ ਹੈ ਜਦੋਂ ਅਸੀਂ ਮੋਰਚਾ ਜਿੱਤ ਸਕਦੇ ਹਾਂ ਫਿਰ ਲੰਘਿਆ ਸਮਾਂ ਹੱਥ ਨਹੀਂ ਆਉਣਾ।