4 ਲੋਕ ਹੋਏ ਜ਼ਖ਼ਮੀ, ਇੱਕ ਦੀ ਮੌਤ ਲੁਧਿਆਣਾ: 200 ਫੁੱਟ ਰੋਡ ਨੇੜੇ ਹੋਟਲ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ ਵਿੱਚ 4 ਲੋਕ ਜ਼ਖ਼ਮੀ ਹੋ ਗਏ ਨੇ ਜਦੋਂ ਕਿ ਇਕ ਦੀ ਮੌਤ ਦੀ ਵੀ ਖ਼ਬਰ ਹੈ ਅਤੇ ਇਸ ਸਬੰਧੀ ਪੁਸ਼ਟੀ ਵੀ ਹੋ ਚੁੱਕੀ ਹੈ। ਸੜਕ ਹਾਦਸੇ ਤੋਂ ਬਾਅਦ ਮੌਕੇ ਉੱਤੇ ਪੁੱਜੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਕਹਿ ਦਿੱਤਾ ਕਿ ਇਹ ਸਾਡਾ ਏਰੀਆ ਨਹੀਂ ਹੈ।
ਉੱਧਰ ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕੇ 2 ਕਾਰਾਂ ਇੱਕ ਵਰਨਾ ਅਤੇ ਦੂਜੀ ਬਲੇਨੋ ਵਿੱਚ ਸਵਾਰ ਲੋਕ ਆਪਸ ਵਿੱਚ ਰੇਸ ਲਗਾ ਰਹੇ ਸਨ। ਤੇਜ ਰਫਤਾਰ ਹੋਣ ਕਰਕੇ ਇੱਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧਾ ਆ ਕੇ ਨੇੜੇ ਬਣੇ ਇੱਕ ਖੋਖੇ ਵਿੱਚ ਜਾ ਟਕਰਾਈ। ਇੱਥੇ ਬੈਠੇ ਲੋਕ ਵੀ ਉਸ ਦੀ ਲਪੇਟ ਵਿੱਚ ਆ ਗਏ। ਇੱਕ ਬਜ਼ੁਰਗ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰਾਹਗੀਰਾਂ ਨੇ ਮੌਕੇ ਉੱਤੇ ਹੀ ਜਾਮ ਲਗਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ।
ਮੌਕੇ ਉੱਤੇ ਮੌਜੂਦ ਲੋਕਾਂ ਨੇ ਕਿਹਾ ਕਿ ਕਾਰ ਬਹੁਤ ਤੇਜ਼ ਰਫਤਾਰ ਸੀ ਅਤੇ ਉਹ ਰੇਸ ਲਗਾ ਰਹੇ ਸਨ, ਉਨ੍ਹਾਂ ਕਿਹਾ ਕਿ ਇੱਕ ਕਾਰ ਵਿੱਚ ਕੁੜੀ ਅਤੇ ਮੁੰਡਾ ਸਵਾਰ ਸਨ, ਜਿਨ੍ਹਾਂ ਨੂੰ ਮੌਕੇ ਉੱਤੋਂ ਪੁੱਜੀ ਪੁਲਿਸ ਨੇ ਹੀ ਭਜਾ ਦਿੱਤਾ ਅਤੇ ਉਨ੍ਹਾ ਦੇ ਭੱਜਦੇ ਹੋਏ ਲੋਕਾਂ ਨੇ ਵੀਡਿਓ ਵੀ ਬਣਾ ਲਾਈ। ਜਖਮੀਆਂ ਨੂੰ ਹਸਪਤਾਲ ਛੱਡਣ ਗਏ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਨਾਲ ਹੀ ਦੁਕਾਨ ਹੈ ਅਤੇ ਦੇਰ ਸ਼ਾਮ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਐਂਬੂਲੈਂਸ ਨੂੰ ਕਾਫੀ ਦੇਰ ਤੱਕ ਫੋਨ ਕਰਨ ਉੱਤੇ ਵੀ ਉਹ ਨਹੀਂ ਆਏ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਗੱਡੀਆਂ ਵਾਲਿਆਂ ਨੂੰ ਬੇਨਤੀ ਕਰਕੇ ਜਖਮੀਆਂ ਨੂੰ ਨੇੜੇ ਰਘੂਨਾਥ ਹਸਪਤਾਲ ਪਹੁੰਚਿਆ ਜਿੱਥੇ ਇੱਕ ਵਿਅਕਤੀ ਦੀਆਂ ਹਾਦਸੇ ਦੌਰਾਨ ਲੱਤਾਂ ਟੁੱਟ ਚੁੱਕੀਆਂ ਸਨ, ਇੰਨ੍ਹਾਂ ਹੀ ਨਹੀਂ ਗੰਭੀਰ ਜਖਮੀਆਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਕਿਹਾ ਕਿ ਅਮੀਰ ਜ਼ਾਦਿਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਉੱਤੇ ਰੇਸ ਲਾ ਰਹੇ ਸਨ ਅਤੇ ਕਈ ਲੋਕ ਇਨ੍ਹਾਂ ਦੀ ਲਪੇਟ ਵਿੱਚ ਆ ਗਏ, ਕਾਰ ਦੀ ਰਫਤਾਰ ਇੰਨ੍ਹੀਂ ਜਿਆਦਾ ਸੀ ਕੇ ਪਲਾਟ ਦੀ ਚਾਰ ਦੀਵਾਰੀ ਨੂੰ ਕਾਰ ਨੇ ਤੋੜ ਦਿੱਤਾ ਅਤੇ ਕਾਰ ਦੇ ਦੋਵੇਂ ਏਅਰ ਬੈਗ ਵੀ ਖੁੱਲ੍ਹ ਗਏ ਸਨ। ਕਾਰ ਦੇ ਅਗਲੇ ਪਾਸੇ ਦੇ ਪਰਖਚੇ ਉੱਡੇ ਹੋਏ ਸਨ ਅਤੇ ਦੂਜੇ ਕਾਰ ਚਾਲਕ ਨੇ ਮੌਕੇ ਤੋਂ ਕਾਰ ਭਜਾ ਲਈ।