ਸੰਗਰੂਰ :ਸੰਗਰੂਰ ਵਿੱਚ ਆਰਟ ਐਂਡ ਕਰਾਫਟ ਬੇਰੁਜ਼ਗਾਰ ਪੀਐਸ ਟੈਟ ਪਾਸ ਯੂਨੀਅਨ ਵੱਲੋਂ ਸੰਗਰੂਰ ਦੇ ਮੇਨ ਚੌਂਕ ਵਿੱਚ ਆਪਣੇ ਹੱਥੀ ਬਣਾਈਆਂ ਪੇਂਟਿੰਗਾਂ ਨਾਲ ਅਨੋਖੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਯੂਨੀਨ ਦੇ ਆਗੂ ਰਾਕੇਸ਼ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਸਾਡੀ ਆਰਟ ਐਂਡ ਕ੍ਰਾਫਟ ਅਧਿਆਪਿਕਾਂ ਦੀ ਕੋਈ ਵੀ ਭਰਤੀ ਸਰਕਾਰ ਵੱਲੋਂ ਨਹੀਂ ਕੱਢੀ ਗਈ ਜਿਸ ਦੇ ਰੋਸ ਵਜੋਂ ਦੋ ਦਿਨ ਦਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਇਹ ਪ੍ਰਦਰਸ਼ਨ ਅੱਜ ਵੀ ਜਾਰੀ ਹੈ।
ਕਲਾ ਦੀ ਪ੍ਰਦਰਸ਼ਨੀ ਕਰਦੇ ਹੋਏ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ (Etv Bharat (ਪੱਤਰਕਾਰ, ਸੰਗਰੂਰ)) ਪੰਜਾਬ ਸਰਕਾਰ ਨਾਲ ਰੋਸ
ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਵੀ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਏਗਾ। ਪਰ ਸਰਕਾਰ ਬਣਨ ਤੋਂ ਬਾਅਦ ਵੀ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਬੰਦ ਹੋਣ ਦਾ ਨਾਮ ਨਹੀਂ ਲੈ ਰਹੇ। ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਸੇ ਲੜੀ ਦੇ ਤਹਿਤ ਅੱਜ ਸੰਗਰੂਰ ਵਿੱਚ ਆਰਟ ਐਂਡ ਕਰਾਫਟ ਬੇਰੁਜ਼ਗਾਰ ਪੀਐਸ ਟੈਟ ਪਾਸ ਯੂਨੀਅਨ ਵੱਲੋਂ ਸੰਗਰੂਰ ਦੇ ਮੇਨ ਚੌਂਕ ਵਿੱਚ ਆਪਣੇ ਹੱਥੀ ਬਣਾਈਆਂ ਪੇਂਟਿੰਗਾਂ ਅਤੇ ਸਿਨਰੀਆਂ ਰੱਖ ਕੇ ਅਨੋਖੇ ਤਰੀਕੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪਿਛਲੇ 12 ਸਾਲਾਂ ਤੋਂ ਨਹੀਂ ਹੋਈਆਂ ਭਰਤੀਆਂ
ਮੀਡੀਆ ਨਾਲ ਗੱਲ ਕਰਦੇ ਹੋਏ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਸਾਡੀ ਕੋਈ ਵੀ ਭਰਤੀ ਸਰਕਾਰ ਵੱਲੋਂ ਨਹੀਂ ਕੱਢੀ ਗਈ ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਦੋ ਦਿਨ ਦਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ 5000 ਤੋਂ ਵੱਧ ਪੋਸਟਾਂ ਦੀ ਜਰੂਰਤ ਹੈ, ਜੋ ਪੰਜਾਬ ਸਰਕਾਰ ਨੂੰ ਕੱਢਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜੋ ਉਹਨਾਂ ਉੱਤੇ ਬੀਏ ਕੁਆਲੀਫਿਕੇਸ਼ਨ ਥੋਪੀ ਗਈ ਹੈ, ਉਸ ਨੂੰ ਵੀ ਵਾਪਸ ਲੈਣ ਅਤੇ ਜੋ ਸਾਨੂੰ ਦਸਵੀਂ ਤੋਂ ਬਾਅਦ ਡਿਪਲੋਮਿਕ ਕਰਵਾਏ ਗਏ ਹਨ ਉਸ ਆਧਾਰ ਉੱਤੇ ਹੀ ਸਾਡੀ ਭਰਤੀ ਕੀਤੀ ਜਾਵੇ ਜੇਕਰ ਪੰਜਾਬ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਆਉਣ ਵਾਲੀ ਚੋਣਾਂ ਵਿੱਚ ਸਾਡੇ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ, ਬੇਸ਼ਕ ਉਹ ਪੰਚਾਇਤੀ ਚੋਣਾਂ ਹੋਣ ਜਾਂ ਫਿਰ ਪੰਜਾਬ ਵਿੱਚ ਜੋ ਚਾਰ ਜਗ੍ਹਾ ਉੱਤੇ ਜਿਮਨੀ ਚੋਣਾਂ ਹੋਣੀਆਂ ਹਨ, ਉਸ ਥਾਂ ਉੱਤੇ ਕਰਨਾ ਪਵੇ।
ਆਰਟ ਐਂਡ ਕ੍ਰਾਫਟ ਜ਼ਰੂਰੀ ਵਿਸ਼ਾ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਪੰਜਾਬ ਵਿੱਚ ਸਮਾਰਟ ਸਕੂਲ ਬਣਾਉਣ ਦੀਆਂ ਗੱਲਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਮਾਰਟ ਅਧਿਆਪਕਾਂ ਤੋਂ ਬਿਨਾਂ ਸਮਾਰਟ ਸਕੂਲ ਕਿਸ ਕੰਮ ਦੇ ਹਨ। ਜੇਕਰ ਅਸੀਂ ਹੀ ਨੌਜਵਾਨਾਂ ਨੂੰ ਪੇਂਟਿੰਗ ਦੇ ਜ਼ਰੀਏ ਉਨ੍ਹਾਂ ਨੂੰ ਹੁਨਰ ਪੇਸ਼ ਕਰਨ ਦਾ ਮੌਕਾ ਨਹੀਂ ਦਵਾਂਗੇ, ਤਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਆਪਣੇ ਹੁਨਰ ਦਾ ਪਤਾ ਲੱਗੇਗਾ। ਪੰਜਾਬ ਦੀ ਨੌਜਵਾਨ ਪੀੜੀ ਆਰਟ ਐਂਡ ਕਰਾਫਟ ਦੇ ਪਾਸੋਂ ਦੂਰ ਹੁੰਦੀ ਜਾ ਰਹੀ ਹੈ, ਕਿਉਂਕਿ ਉਹ ਵੇਖਦੇ ਹਨ ਕਿ ਸਾਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਜਦ ਨੌਕਰੀਆਂ ਨਹੀਂ ਮਿਲੀਆਂ, ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਨੌਕਰੀਆਂ ਕਿਸ ਤਰ੍ਹਾਂ ਮਿਲ ਜਾਣਗੀਆਂ ਜਿਸ ਕਾਰਨ ਉਹ ਇਸ ਨੂੰ ਸਿਰਫ ਆਪਣਾ ਸ਼ੌਂਕ ਵਜੋਂ ਹੀ ਪੇਂਟਿੰਗ ਬਣਾਉਂਦੇ ਹਨ ਤੇ ਆਪਣਾ ਪ੍ਰੋਫੈਸ਼ਨ ਨਹੀਂ ਸਮਝ ਰਹੇ।