ਲੁਧਿਆਣਾ:ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਆਪਣੇ ਹੱਕੀ ਮੰਗਾਂ ਦੇ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਭ ਤੋਂ ਪਹਿਲੀ ਮੰਗ ਸਾਰੀ ਫਸਲਾਂ 'ਤੇ ਐਮਐਸਪੀ ਦੇ ਨਾਲ ਸਵਾਮੀ ਨਾਥਨ ਰਿਪੋਰਟ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਹੈ। ਜਿਸ ਨੂੰ ਲੈ ਕੇ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ 'ਤੇ ਹਨ। 21ਵੇਂ ਦਿਨ ਦੇ ਵਿੱਚ ਉਨ੍ਹਾਂ ਦੀ ਭੁੱਖ ਹੜਤਾਲ ਤਬਦੀਲ ਹੋ ਗਈ ਹੈ। ਮਰਨ ਵਰਤ ਰੱਖਣ ਕਰਕੇ ਜਿੱਥੇ ਸਰਕਾਰ ਤੇ ਦਬਾਅ ਬਣ ਰਿਹਾ ਹੈ। ਉੱਥੇ ਦੂਜੇ ਪਾਸੇ ਸਰਵਣ ਸਿੰਘ ਪੰਧੇਰ ਦਿੱਲੀ ਕੂਚ ਕਰਨ ਦੇ ਹੱਕ ਦੇ ਵਿੱਚ ਹਨ। ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ 'ਤੇ ਡੱਲੇਵਾਲ ਵੱਲੋਂ ਜਿਹੜੇ ਕਿ ਸ਼ੰਭੂ ਬਾਰਡਰ 'ਤੇ ਸਰਵਣ ਸਿੰਘ ਪੰਧੇਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਦੋਵਾਂ ਹੀ ਧਰਨਿਆਂ ਤੋਂ ਦੂਰ ਹੈ, ਕਿਸਾਨਾਂ ਦੇ ਵਿੱਚ ਇੱਕ ਮੱਤ ਨਾ ਹੋਣ ਕਰਕੇ ਹੁਣ ਕਿਸਾਨ ਆਗੂਆਂ ਨੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਰੁਲਦੂ ਸਿੰਘ ਮਾਨਸਾ ਨੇ ਚੁੱਕੇ ਸਵਾਲ
ਰੁਲਦੂ ਸਿੰਘ ਮਾਨਸਾ ਵੱਲੋਂ ਬੀਤੇ ਦਿਨ ਮੀਡੀਆ ਦੇ ਵਿੱਚ ਇੱਕ ਬਿਆਨ ਜਾਰੀ ਕਰਦੇ ਹੋਏ, ਜਗਜੀਤ ਸਿੰਘ ਡੱਲੇਵਾਲ ਅਤੇ ਨਾਲ ਹੀ ਸਰਵਣ ਸਿੰਘ ਪੰਧੇਰ 'ਤੇ ਸਵਾਲ ਖੜੇ ਕੀਤੇ ਹਨ। ਰੁਲਦੂ ਸਿੰਘ ਮਾਨਸਾ ਵੱਲੋਂ ਕਿਹਾ ਗਿਆ ਕਿ ਦੋਵੇਂ ਹੀ ਆਗੂਆਂ ਦੇ ਇੱਕ ਮੱਤ ਨਾ ਹੋਣ ਕਰਕੇ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੇਰੇ ਖਿਆਲ ਨਾਲ ਇਹ ਅੰਦੋਲਨ ਹੁਣ ਗਲਤ ਸ਼ੁਰੂ ਕੀਤਾ ਗਿਆ ਹੈ। ਰੁਲਦੂ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਬਲਕਿ ਰਾਜ ਸਰਕਾਰਾਂ ਦੇ ਖਿਲਾਫ ਲੜਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਮਨਵਾਉਣ ਵਾਲੀਆਂ ਰਹਿੰਦੀਆਂ ਹਨ ਪਰ ਹੁਣ ਰਾਜ ਸਰਕਾਰਾਂ ਤੋਂ ਮੰਗਾਂ ਮਨਵਾਉਣੀਆਂ ਸਨ। ਉਨ੍ਹਾਂ ਨੇ ਕਿਹਾ ਕਿ ਡੱਲੇਵਾਲ ਅਤੇ ਪੰਧੇਰ ਦੀ ਆਪਸੀ ਵੀ ਕੋਈ ਸਹਿਮਤੀ ਨਹੀਂ। ਡੱਲੇਵਾਲੇ ਮਰਨ ਵਰਤ 'ਤੇ ਬੈਠੇ ਹਨ ਜਦੋਂ ਕਿ ਪੰਧੇਰ ਜੱਥੇ ਰਵਾਨਾ ਕਰ ਰਿਹਾ ਹੈ।