ਬਰਨਾਲਾ:ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਮੁਹਿੰਮ “ਡਰੱਗ ਅਡਿਕਸ਼ਨ- ਡੈਮਜ ਟੂ ਮੈਨਕਾਇੰਡ” (ਨਸ਼ੇ ਦੀ ਲਤ- ਮਨੁੱਖਜਾਤੀ ਨੂੰ ਨੁਕਸਾਨ) ਦਾ ਆਗਾਜ਼ ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ।
ਇਸ ਮੌਕੇ 'ਤੇ ਉਨ੍ਹਾਂ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਬੀ.ਬੀ.ਐੱਸ. ਤੇਜੀ, ਸੁਪਰਡੈਂਟ ਆਫ਼ ਪੁਲਿਸ ਉਚੇਚੇ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ 'ਤੇ ਬੋਲਦਿਆਂ ਮੈਂਬਰ ਸਕੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਯੂਥ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨਾ ਅਤੇ ਇਸਦੀ ਵਰਤੋਂ ਨੂੰ ਖ਼ਤਮ ਕਰਵਾਉਣਾ ਹੈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਨਸ਼ਿਆਂ ਦੀ ਵਰਤੋਂ ਨਾਲ ਕੇਵਲ ਉਸ ਵਿਅਕਤੀ ਦਾ ਜੀਵਨ ਹੀ ਖ਼ਰਾਬ ਨਹੀਂ ਹੁੰਦਾ, ਸਗੋਂ ਉਸਦਾ ਪਰਿਵਾਰ ਅਤੇ ਆਲੇ ਦੁਆਲੇ ਦਾ ਸਮਾਜ ਵੀ ਖ਼ਰਾਬ ਹੁੰਦਾ ਹੈ। ਨਸ਼ੇ ਦੀ ਲਤ ਕਾਰਨ ਵਿਅਕਤੀ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਹੈ ਅਤੇ ਨਾਲ ਹੀ ਉਸ ਦੇ ਆਪਣੇ ਸਰੀਰ ਉੱਤੇ ਵੀ ਨਸ਼ੇ ਦੇ ਮਾੜੇ ਪ੍ਰਭਾਵ ਪੈਂਦੇ ਹਨ। ਵਿਅਕਤੀ ਵਿੱਚ ਕੰਮ ਕਰਨ ਦੀ ਸਮਰਥਾ ਨਹੀਂ ਰਹਿੰਦੀ।
ਇਸ ਤੋਂ ਇਲਾਵਾ ਮੈਂਬਰ ਸਕੱਤਰ ਵੱਲੋਂ ਸੱਖੀ ਵਨ ਸਟੌਪ ਸੈਂਟਰ, ਬਰਨਾਲਾ ਵਿਖੇ ਲੀਗਲ ਏਡ ਕਲੀਨਿਕ ਦਾ ਉਦਘਾਟਨ ਵੀ ਕੀਤਾ ਗਿਆ। ਇਸ ਰੈਲੀ ਵਿੱਚ ਤਿੰਨ ਸਕੂਲਾਂ ਸਰਵਹਿੱਤਕਾਰੀ ਵਿਦਿਆ ਮੰਦਿਰ, ਬੀ.ਬੀ.ਐੱਮ. ਸਕੂਲ, ਬਰਨਾਲਾ ਅਤੇ ਵਾਈ. ਐੱਸ. ਪਬਲਿਕ ਸਕੂਲ, ਬਰਨਾਲਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਰੈਲੀ ਜ਼ਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਤੋਂ ਸ਼ੁਰੂ ਹੋ ਕੇ ਕਚਹਿਰੀ ਚੌਂਕ, ਓਵਰਬ੍ਰਿਜ ਨਹਿਰੂ ਚੌਂਕ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਂਕ, ਬਰਨਾਲਾ ਤੱਕ ਪਹੁੰਚੀ ਅਤੇ ਸਦਰ ਬਾਜ਼ਾਰ ਹੁੰਦੀ ਹੋਈ ਵਾਪਸ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਸਮਾਪਤ ਹੋਈ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਦਨ ਲਾਲ ਨੇ ਦੱਸਿਆ ਕਿ ਬੱਚੇ ਦੀ ਸਖਸ਼ੀਅਤ ਘੜ੍ਹਨ ਵਿੱਚ ਮਾਂ-ਬਾਪ ਤੋਂ ਬਾਅਦ ਦੂਸਰਾ ਸਥਾਨ ਅਧਿਆਪਕ ਦਾ ਹੀ ਹੁੰਦਾ ਹੈ। ਅਧਿਆਪਕ ਮੁੱਢ ਤੋਂ ਹੀ ਬੱਚਿਆਂ ਨੂੰ ਨਸ਼ਿਆਂ ਦੀ ਲਤ ਤੋਂ ਬਚਣ ਅਤੇ ਖੇਡਾਂ ਵੱਲ ਪ੍ਰੇਰਿਤ ਕਰ ਸਕਦੇ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਸਕੂਲਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਕੂੜ ਪ੍ਰਭਾਵਾਂ ਬਾਰੇ ਸੁਚੇਤ ਕਰ ਸਕਦੇ ਹਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਤੇ ਮੈਡੀਏਟਰਸ, ਲੀਗਲ ਏਡ ਡਿਫੈਂਸ ਕਾਉਂਸਿਲ ਅਤੇ ਵਕੀਲ ਸਾਹਿਬਾਨ ਹਾਜ਼ਰ ਰਹੇ।