ਪੰਜਾਬ

punjab

ETV Bharat / state

ਬ੍ਰਿਟਿਸ਼ ਕੋਲੰਬੀਆ ਵਿੱਚ ਛੇਵੀਂ ਵਾਰ MLA ਬਣੇ ਲੁਧਿਆਣਾ ਦੇ ਪਿੰਡ ਗੌਹਰ ਦੇ ਰਾਜ ਚੌਹਾਨ, ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ - BRITISH COLUMBIA PUNJABI MLA

ਲੁਧਿਆਣਾ ਦੇ ਪਿੰਡ ਗੌਹਰ ਦੇ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ ਵਿੱਚ ਛੇਵੀਂ ਵਾਰ MLA ਬਣੇ ਹਨ। ਪੜ੍ਹੋ ਪੂਰੀ ਖ਼ਬਰ...

ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਛੇਵੀਂ ਵਾਰ ਐਮਐਲਏ
ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਛੇਵੀਂ ਵਾਰ ਐਮਐਲਏ (ETV BHARAT)

By ETV Bharat Punjabi Team

Published : Oct 22, 2024, 6:06 PM IST

ਲੁਧਿਆਣਾ:ਪੰਜਾਬੀਆਂ ਵੱਲੋਂ ਕੈਨੇਡਾ ਦੀ ਧਰਤੀ 'ਤੇ ਨਾ ਸਿਰਫ ਬਿਜਨਸ ਦੇ ਅੰਦਰ ਸਗੋਂ ਸਿਆਸਤ ਦੇ ਵਿੱਚ ਵੀ ਝੰਡੇ ਗੱਡੇ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਬੀਤੇ ਦਿਨ ਹੋਈਆਂ ਚੋਣਾਂ ਦੇ ਵਿੱਚ ਪਹਿਲੀ ਵਾਰ 12 ਪੰਜਾਬੀ ਜਿੱਤ ਦਰਜ ਕਰਕੇ ਵਿਧਾਇਕ ਬਣੇ ਹਨ। ਕਈ ਵਿਧਾਇਕ ਅਜਿਹੇ ਵੀ ਹਨ ਜੋ ਕਿ ਲਗਾਤਾਰ ਛੇਵੀਂ-ਸੱਤਵੀਂ ਵਾਰ ਜਿੱਤੇ ਹਨ। ਜਿਨਾਂ ਚੋਂ ਇੱਕ ਰਾਜ ਚੌਹਾਨ ਵੀ ਹਨ ਜੋ ਕਿ ਲੁਧਿਆਣਾ ਦੇ ਪਿੰਡ ਗਹੌਰ ਦੇ ਨਾਲ ਸੰਬੰਧਿਤ ਹਨ। ਪਿਛਲੀ ਵਾਰ ਇਹਨਾਂ ਚੋਣਾਂ ਦੇ ਵਿੱਚ ਨੌ ਪੰਜਾਬੀ ਜਿੱਤੇ ਸਨ ਅਤੇ ਇਸ ਵਾਰ 12 ਵਿਧਾਇਕ ਪੰਜਾਬ ਨਾਲ ਸੰਬੰਧਿਤ ਬਣੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀ ਮੂਲ ਦੀ ਕਾਫੀ ਵੱਡੀ ਵਸੋਂ ਹੈ ਜਿਸ ਵਿੱਚ ਵੈਨਕੂਵਰ ਸਰੀ ਐਬਸਫੋਰਡ ਡੈਲਟਾ ਵਿਕਟੋਰੀਆ ਆਦ ਵਿੱਚ ਪੰਜਾਬੀਆਂ ਦੀ ਗਿਣਤੀ ਵੱਡੀ ਹੈ। ਐਨਡੀਪੀ ਅਤੇ ਕੰਜਰਵੇਟਿਵ ਪਾਰਟੀ ਦੇ ਵਿੱਚ ਇਸ ਵਾਰ ਸਖ਼ਤ ਟੱਕਰ ਰਹੀ ਹੈ। ਐਨਡੀਪੀ ਨੇ 46 ਅਤੇ ਕੰਜ਼ਰਵੇਟਿਵ ਨੇ 45 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ।

ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਛੇਵੀਂ ਵਾਰ ਐਮਐਲਏ (ETV BHARAT)

ਰਾਜ ਚੌਹਾਨ ਦਾ ਸਿਆਸੀ ਸਫ਼ਰ

ਰਾਜ ਚੌਹਾਨ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਦੀ ਧਰਤੀ 'ਤੇ ਜਿੱਤੇ ਹਨ। ਉਹਨਾਂ ਨੇ ਪਹਿਲੀ ਵਾਰ 2005 ਦੇ ਵਿੱਚ ਚੋਣ ਲੜੀ ਸੀ ਅਤੇ ਪਹਿਲੀ ਵਾਰ ਵਿਧਾਇਕ ਬਣੇ ਸਨ। ਜਿਸ ਤੋਂ ਬਾਅਦ ਲਗਾਤਾਰ ਉਹ 2009 ਦੇ ਵਿੱਚ 2013 ਦੇ ਵਿੱਚ 2017 ਦੇ ਵਿੱਚ ਅਤੇ 2020 ਦੇ ਵਿੱਚ ਵਿਧਾਇਕ ਚੁਣੇ ਗਏ। ਬੀਤੇ ਦਿਨੀ 2024 ਦੀਆਂ ਹੋਈਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਦਰਜ ਕੀਤੀ ਹੈ। ਰਾਜ ਚੌਹਾਨ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡਾ ਨਾਂ ਹੈ, ਉਹ ਐਮਐਲਏ ਬਣਨ ਦੇ ਨਾਲ-ਨਾਲ ਸਹਾਇਕ ਡਿਪਟੀ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦਿਆਂ 'ਤੇ ਵੀ ਤੈਨਾਤ ਰਹਿ ਚੁੱਕੇ ਹਨ। ਰਾਜ ਚੌਹਾਨ ਨੂੰ ਜਿਆਦਾਤਰ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਮੁੱਦੇ ਚੁੱਕਣ ਦੇ ਲਈ ਵੀ ਜਾਣਿਆ ਜਾਂਦਾ ਹੈ ਅਤੇ ਉਹ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਹਨ। ਜਿਸ ਕਰਕੇ ਲਗਾਤਾਰ ਛੇਵੀਂ ਵਾਰ ਉਹ ਜਿੱਤ ਕੇ ਦੇਸ਼ ਦਾ ਅਤੇ ਪੰਜਾਬ ਦਾ ਨਾ ਰੌਸ਼ਨ ਕਰਨ 'ਚ ਕਾਮਯਾਬ ਹੋਏ ਹਨ।

ਰਾਜ ਚੌਹਾਨ ਦਾ ਪਰਿਵਾਰ

ਹਾਲਾਂਕਿ ਰਾਜ ਚੌਹਾਨ 40 ਸਾਲ ਪਹਿਲਾਂ ਹੀ ਪੰਜਾਬ ਛੱਡ ਕੇ ਕੈਨੇਡਾ ਦੀ ਧਰਤੀ 'ਤੇ ਜਾ ਕੇ ਵੱਸ ਚੁੱਕੇ ਨੇ ਪਰ ਉਹਨਾਂ ਦੇ ਦੋ ਭਰਾ ਪਿੰਡ ਹੀ ਰਹਿੰਦੇ ਹਨ। ਉਹ ਲੁਧਿਆਣਾ ਦੇ ਪਿੰਡ ਗਹੋਰ ਤੋਂ ਸੰਬੰਧਿਤ ਹਨ। ਉਹਨਾਂ ਦੇ ਦੋ ਭਰਾ ਹਨ। ਇੱਕ ਭਰਾ ਲੁਧਿਆਣਾ ਦੇ ਵਿੱਚ ਹੀ ਜ਼ਿਲ੍ਹਾ ਕਚਹਿਰੀ ਅੰਦਰ ਪ੍ਰੈਕਟਿਸ ਕਰਦੇ ਹਨ ਜਦੋਂ ਕਿ ਦੂਜਾ ਭਰਾ ਮੁਹਾਲੀ ਦੇ ਵਿੱਚ ਰਹਿੰਦਾ ਹੈ। ਹਾਲਾਂਕਿ ਉਹਨਾਂ ਦਾ ਬੇਟਾ ਖੇਤੀ ਪਿੰਡ ਦੇ ਵਿੱਚ ਹੀ ਕਰਦਾ ਹੈ ਅਤੇ ਮੁਹਾਲੀ ਤੋਂ ਰੋਜ਼ ਆਉਂਦਾ ਹੈ। ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਹੀ ਉਹਨਾਂ ਦੀ ਤਾਇਆ ਜੀ ਨਾਲ ਗੱਲ ਹੋਈ ਹੈ। ਉਹਨਾਂ ਕਿਹਾ ਕਿ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰ ਕਾਫੀ ਖੁਸ਼ ਹੈ। ਉਹਨਾਂ ਕਿਹਾ ਕਿ ਉਹ ਪਿੰਡ ਦੇ ਵਿੱਚ ਰਹਿ ਕੇ ਖੇਤੀ ਕਰਨਾ ਪਸੰਦ ਕਰਦਾ ਹੈ। ਹਾਲਾਂਕਿ ਸਿਆਸਤ ਨੂੰ ਲੈ ਕੇ ਤਾਂ ਉਹਨਾਂ ਦੀ ਤਾਇਆ ਜੀ ਨਾਲ ਕੋਈ ਗੱਲ ਨਹੀਂ ਹੋਈ ਪਰ ਉਹਨਾਂ ਦਾ ਪਰਿਵਾਰ ਪੂਰਾ ਪੜ੍ਹਿਆ ਲਿਖਿਆ ਹੈ। ਉਹਨਾਂ ਕਿਹਾ ਕਿ ਖੁਦ ਰਾਜ ਚੌਹਾਨ ਵੀ ਪੇਸ਼ੇ ਤੋਂ ਵਕੀਲ ਹਨ ਅਤੇ ਉਹਨਾਂ ਦੇ ਭਰਾ ਵੀ ਵਕੀਲ ਹਨ।

ਪਿੰਡ ਦੇ ਵਿੱਚ ਖੁਸ਼ੀ

ਰਾਜ ਚੌਹਾਨ ਦੇ ਜਿੱਤਣ ਦੇ ਨਾਲ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਦੇ ਨਵ ਨਿਯੁਕਤ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਬਹੁਤ ਪੜ੍ਹਿਆ ਲਿਖਿਆ ਤੇ ਸੂਝਵਾਨ ਹੈ। ਉਹਨਾਂ ਕਿਹਾ ਕਿ ਹਾਲਾਂਕਿ ਉਹ ਸਾਡੇ ਜੰਮਣ ਤੋਂ ਪਹਿਲਾਂ ਦੇ ਵਿਦੇਸ਼ ਦੀ ਧਰਤੀ 'ਤੇ ਜਾ ਚੁੱਕੇ ਸਨ ਪਰ ਉਹਨਾਂ ਦਾ ਪਰਿਵਾਰ ਉਹਨਾਂ ਬਾਰੇ ਗੱਲਾਂ ਜ਼ਰੂਰ ਕਰਦਾ ਹੈ, ਉਹ ਪਿੰਡ ਵੀ ਜ਼ਰੂਰ ਆਉਂਦੇ ਹਨ। ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਹੈ, ਉਹਨਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ। ਉਹਨਾਂ ਕਿਹਾ ਇਹ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ। ਉੱਥੇ ਹੀ ਦੂਜੇ ਪਾਸੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਪੰਜਾਬੀਆਂ ਨੇ ਝੰਡੇ ਬੁਲੰਦ ਕੀਤੇ ਹਨ। ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਛੋਟੇ ਜਿਹੇ ਪਿੰਡ ਦਾ ਨਾਂ ਵਿਸ਼ਵ ਪੱਧਰ 'ਤੇ ਚਮਕਿਆ ਹੈ। ਉਹਨਾਂ ਕਿਹਾ ਕਿ ਛੇਵੀਂ ਵਾਰ ਜਿੱਤਣਾ ਬਹੁਤ ਵੱਡੀ ਗੱਲ ਹੈ। ਲਗਾਤਾਰ ਜਿੱਤ ਹਾਸਿਲ ਕਰਕੇ ਉਹਨਾਂ ਨੇ ਸਿਰਫ ਪੰਜਾਬੀਆਂ ਦਾ ਹੀ ਨਹੀਂ ਸਗੋਂ ਕੈਨੇਡਾ ਦੇ ਵਿੱਚ ਰਹਿੰਦੇ ਗੋਰਿਆਂ ਦਾ ਵੀ ਦਿਲ ਜਿੱਤਿਆ ਹੈ। ਇਸੇ ਕਰਕੇ ਉਹਨਾਂ ਨੂੰ ਵੋਟਾਂ ਪਈਆਂ ਹਨ।

ਭਾਰਤ ਕੈਨੇਡਾ ਰਿਸ਼ਤਾ

ਭਾਰਤ ਅਤੇ ਕੈਨੇਡਾ ਦੇ ਵਿਚਕਾਰ ਬੀਤੇ ਕਈ ਮਹੀਨਿਆਂ ਤੋਂ ਤਲਖੀ ਚੱਲ ਰਹੀ ਹੈ। ਜਿਸ ਦਾ ਅਸਰ ਦੋਵਾਂ ਦੇਸ਼ਾਂ ਦੀ ਕੂਟਨਿਤਿਕ ਸੰਬੰਧਾਂ 'ਤੇ ਪੈ ਰਿਹਾ ਹੈ ਪਰ ਹੁਣ ਪੰਜਾਬੀਆਂ ਨੂੰ ਖਾਸ ਉਮੀਦ ਜਾਗੀ ਹੈ ਕਿ ਜੇਕਰ ਪੰਜਾਬੀਆਂ ਦੀ ਭਾਗੀਦਾਰੀ ਕੈਨੇਡਾ ਦੀ ਸਿਆਸਤ ਦੇ ਵਿੱਚ ਵਧੀ ਹੈ ਤਾਂ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਖਰਾਬ ਹੋਏ ਸੰਬੰਧਾਂ ਦੇ ਵਿੱਚ ਵੀ ਸੁਧਾਰ ਆਵੇਗਾ। ਇਸ ਨੂੰ ਲੈ ਕੇ ਰਾਜਨੀਤਿਕ ਮਾਹਰ ਜਤਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਸਾਡੇ ਗੁਆਂਢੀ ਪਿੰਡ ਦੇ ਹੀ ਰਾਜ ਚੌਹਾਨ ਛੇਵੀਂ ਵਾਰ ਐਮਐਲਏ ਬਣੇ ਹਨ। ਉਹਨਾਂ ਨੇ ਕਿਹਾ ਕਿ ਜਿੱਥੇ ਸਾਡੇ ਲਈ ਮਾਣ ਵਾਲੀ ਗੱਲ ਹੈ, ਉੱਥੇ ਵੀ ਪੰਜਾਬੀਆਂ ਦੀ ਕੈਨੇਡਾ ਦੀ ਧਰਤੀ 'ਤੇ ਵੱਧ ਰਹੀ ਸਿਆਸਤ 'ਚ ਭਾਗੀਦਾਰੀ ਚੰਗੀ ਗੱਲ ਹੈ ਕਿਉਂਕਿ ਕੈਨੇਡਾ ਪੰਜਾਬੀਆਂ ਲਈ ਹਮੇਸ਼ਾ ਪਸੰਦ ਰਿਹਾ ਹੈ ਅਤੇ ਵੱਡੀ ਗਿਣਤੀ 'ਚ ਸਾਡੇ ਵਿਦਿਆਰਥੀ ਵੀ ਉੱਥੇ ਚੰਗੇ ਭਵਿੱਖ ਲਈ ਜਾਂਦੇ ਹਨ। ਜਿਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਨਹੀਂ ਹੋਣਗੀਆਂ ਇਸ ਸਬੰਧੀ ਜਿੱਤੇ ਹੋਏ ਪੰਜਾਬੀ ਨੁਮਾਇੰਦੇ ਜ਼ਰੂਰ ਯਕੀਨੀ ਬਣਾਉਣਗੇ।

ABOUT THE AUTHOR

...view details