ਆਉਣ ਵਾਲੇ ਦਿਨਾਂ ਚ ਹੋਵੇਗੀ ਬਾਰਿਸ਼ (ETV Bharat Ludhiana) ਲੁਧਿਆਣਾ :ਪੰਜਾਬ ਭਰ ਦੇ ਵਿੱਚ ਬੀਤੇ ਦਿਨ ਪਈ ਬਰਸਾਤ ਨੇ ਜਿੱਥੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ, ਉੱਥੇ ਹੀ ਆਮ ਲੋਕਾਂ ਨੂੰ ਵੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਟੈਂਪਰੇਚਰ ਜੋ 40 ਡਿਗਰੀ ਦੇ ਨੇੜੇ ਚੱਲ ਰਿਹਾ ਸੀ, ਉਹ ਹੁਣ ਘੱਟ ਕੇ 31 ਡਿਗਰੀ ਤੱਕ ਪਹੁੰਚ ਗਿਆ ਹੈ ਜੋ ਕਿ ਆਮ ਟੈਂਪਰੇਚਰ ਨਾਲੋਂ ਵੀ ਪੰਜ ਡਿਗਰੀ ਹੇਠਾਂ ਚੱਲ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੀ ਹੈ।
ਆਉਣ ਵਾਲੇ ਦਿਨਾਂ ਚ ਹੋਵੇਗੀ ਬਾਰਿਸ਼ : ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੋ ਤੋਂ ਤਿੰਨ ਦਿਨ ਤੱਕ ਕਿਤੇ ਕਿਤੇ ਮੀਡੀਅਮ ਅਤੇ ਕਿਤੇ ਕਿਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਟੈਂਪਰੇਚਰ ਤਾਂ ਜਰੂਰ ਘਟਿਆ ਹੀ ਹੈ, ਨਾਲ ਹੀ ਜਿਹੜੇ ਕਿਸਾਨ ਝੋਨੇ ਦੀ ਲਵਾਈ ਕਰ ਰਹੇ ਹਨ, ਉਹਨਾਂ ਨੂੰ ਵੀ ਭਰਪੂਰ ਮਾਤਰਾ ਦੇ ਵਿੱਚ ਪਾਣੀ ਮਿਲਿਆ ਹੈ।
ਹੁਣ ਚਿਪਚਿਪੀ ਗਰਮੀ ਜਰੂਰ ਸ਼ੁਰੂ :ਪਵਨੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੋ ਤਿੰਨ ਦਿਨ ਬਰਸਾਤ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਦੂਜੇ ਪਾਸੇ ਹੁਣ ਇਹ ਵੀ ਕਿਹਾ ਕਿ ਹੁਣ ਚਿਪਚਿਪੀ ਗਰਮੀ ਜਰੂਰ ਸ਼ੁਰੂ ਹੋ ਗਈ ਹੈ, ਇਸ ਕਰਕੇ ਲੋਕ ਜਰੂਰ ਇਸ ਗੱਲ ਦਾ ਧਿਆਨ ਰੱਖਣ। ਉਹਨਾਂ ਦੱਸਿਆ ਕਿ ਕੱਲ ਪੰਜਾਬ ਭਰ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਾਰਿਸ਼ ਹੋਈ ਹੈ ਅਤੇ ਲੁਧਿਆਣਾ ਦੇ ਵਿੱਚ ਲਗਭਗ 39 ਐਮਐਮ ਦੇ ਨੇੜੇ ਬਾਰਿਸ਼ ਰਿਕਾਰਡ ਕੀਤੀ ਗਈ ਹੈ।
ਸਮੇਂ ਸਿਰ ਮੌਨਸੂਨ ਦੀ ਆਮਦ : ਇਸ ਮੌਕੇ ਮੁਖੀ ਮੌਸਮ ਵਿਭਾਗ ਨੇ ਦੱਸਿਆ ਕਿ ਮੌਨਸੂਨ ਵੀ ਪੂਰੇ ਸਮੇਂ ਸਿਰ 'ਤੇ ਆ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਾਰ ਚੰਗੇ ਮਾਨਸੂਨ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਦੇ ਵਿੱਚ ਇੱਕ ਜੁਲਾਈ ਤੱਕ ਮੌਨਸੂਨ ਦੀ ਆਮਦ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਸਮੇਂ ਸਿਰ ਮੌਨਸੂਨ ਦੀ ਆਮਦ ਹੋ ਜਾਵੇਗੀ। ਇੱਕ ਅੱਧਾ ਦਿਨ ਉੱਪਰ ਜਾ ਹੇਠਾਂ ਹੋ ਸਕਦਾ ਹੈ, ਪਰ ਇਸ ਵਾਰ ਮੌਨਸੂਨ ਵੀ ਲੰਬਾ ਸਪੈਲ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।