ਚੰਡੀਗੜ੍ਹ: ਪੰਜਾਬ ਸਣੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਅੱਜ ਸਵੇਰੇ ਤੋਂ ਹੀ ਸੰਘਣੀ ਧੁੰਦ ਦੀ ਚਿੱਟੀ ਚਾਦਰ ਦਿਖਾਈ ਦਿੱਤੀ। ਮੌਸਮ ਵਿਭਾਗ ਮੁਤਾਬਕ, ਜਲਦ ਹੀ ਬੱਦਲਵਾਈ ਦੇ ਨਾਲ-ਨਾਲ ਮੀਂਹ ਦੇ ਆਸਾਰ ਬਣਨਗੇ। ਸੂਬੇ ਵਿੱਚ ਸਭ ਤੋਂ ਵੱਧ ਠੰਢਾ ਸ਼ਹਿਰ ਬਠਿੰਡਾ ਰਿਹਾ ਹੈ। ਅੱਜ ਵੀ ਬਠਿੰਡਾ ਤੇ ਅੰਮ੍ਰਿਤਸਰ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ, ਉਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੰਘਣੀ ਧੁੰਦ ਨਾਲ ਸੜਕਾਂ ਢੱਕੀਆਂ ਹੋਈਆਂ ਹਨ ਅਤੇ ਆਵਾਜਾਈ ਦੀ ਰਫ਼ਤਾਰ ਮੱਠੀ ਹੈ।
ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ (ETV Bharat) ਬਠਿੰਡਾ ਤੇ ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਦਾ ਕਹਿਰ
ਸ਼ੁੱਕਰਵਾਰ ਦੀ ਸਵੇਰ ਬਠਿੰਡਾ ਤੇ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਇਆ, ਜਿਸ ਨੂੰ ਦੇਖਦਿਆ ਹੀ ਅੰਦਾਜਾ ਲੱਗ ਸਕਦਾ ਹੈ ਕਿ ਸੜਕਾਂ ਜਾਂ ਹਾਈਵੇਅ ਉੱਤੇ ਚੱਲਣਾ ਕਿੰਨਾ ਔਖਾ ਹੈ। ਸੰਘਣੀ ਧੁੰਦ ਕਰਕੇ ਵਿਜ਼ੀਬਿਲਟੀ ਬਹੁਤ ਹੀ ਜ਼ਿਆਦਾ ਘੱਟ ਚੱਲ ਰਹੀ ਹੈ। ਦੂਜੇ ਪਾਸੇ, ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਚਿੱਟੀ ਧੁੰਦ ਦੀ ਚਾਦਰ ਛਾਈ ਹੋਈ ਹੈ, ਪਰ ਫਿਰ ਵੀ ਸ਼ਰਧਾਲੂ ਪੂਰੇ ਉਤਸ਼ਾਹ ਨਾਲ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ।
ਹਵਾਈ ਸਫ਼ਰ ਪ੍ਰਭਾਵਿਤ, ਫਲਾਈਟਾਂ ਲੇਟ, ਕਈ ਰੱਦ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲੈਂਡ ਹੋਣ ਵਾਲੀਆਂ ਅਤੇ ਇੱਥੋ ਰਵਾਨਾ ਹੋਣ ਵਾਲੀਆਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਇਥੋਂ ਸਵੇਰੇ ਤੜਕੇ ਤੋਂ ਦੁਪਹਿਰ ਸਾਢੇ ਤਿੰਨ ਵਜੇ ਤੱਕ ਦੇਸ਼ ਤੇ ਵਿਦੇਸ਼ਾਂ ਨੂੰ ਉਡਾਨ ਭਰਨ ਵਾਲੀਆਂ ਸਾਰੀਆਂ ਉਡਾਨਾਂ ਆਪਣੇ ਤੈਅ ਸਮੇਂ ਤੋਂ ਇੱਕ ਘੰਟੇ ਤੋਂ ਲੈ ਕੇ ਕਰੀਬ ਚਾਰ ਘੰਟੇ ਤੱਕ ਦੇਰੀ ਨਾਲ ਚੱਲਣਗੀਆਂ।
ਇਸ ਤੋਂ ਇਲਾਵਾ, ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਨ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਤੇ ਦੁਬਈ ਤੋਂ ਪੁੱਜਣ ਵਾਲੀ ਕੋਰਡਨ ਏਅਰਲਾਈਨ ਦੀ ਉਡਾਣ ਕਰੀਬ ਸਵਾ ਘੰਟੇ ਲੇਟ ਹੈ। ਇਸ ਤੋਂ ਇਲਾਵਾ ਦੇਰ ਰਾਤ ਧੁੰਦ ਕਾਰਨ ਤਿੰਨ ਘਰੇਲੂ ਉਡਾਨਾਂ ਰੱਦ ਹੋਈਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਠੰਢ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਘਣੀ ਧੁੰਦ ਦਾ ਅਲਰਟ
ਮੌਸਮ ਵਿਭਾਗ ਮੁਤਾਬਕ, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ, ਐਸ.ਏ.ਐਸ. ਨਗਰ, ਅੰਬਾਲਾ, ਕੁਰੂਕਸ਼ੇਤਰ ਵਿੱਚ ਕਈ ਥਾਵਾਂ 'ਤੇ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਜਲਦ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ
ਮੌਸਮ ਵਿਗਿਆਨ ਕੇਂਦਰ ਮੁਤਾਬਕ ਵੈਸਟਰਨ ਡਿਸਟਰਬੈਂਸ ਈਰਾਨ ਵੱਲ ਐਕਟਿਵ ਹੋ ਗਈ ਹੈ। ਕੇਂਦਰ ਦੇ ਉਮਾਨਸ਼ੰਕਰ ਦਾਸ ਦੇ ਅਨੁਸਾਰ, ਜਿਵੇਂ ਹੀ ਵੈਸਟਰਨ ਡਿਸਟਰਬੈਂਸ ਪੂਰਬੀ ਏਸ਼ੀਆ ਤੋਂ ਆਉਣ ਵਾਲੀ ਨਮੀ ਨਾਲ ਟਕਰਾਏਗੀ, ਉੱਤਰੀ ਭਾਰਤ ਵਿੱਚ ਬੱਦਲ ਛਾਏ ਜਾਣਗੇ ਅਤੇ 11-12 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਲੋਕਾਂ ਨੂੰ ਧੁੰਦ ਤੋਂ ਵੀ ਰਾਹਤ ਮਿਲੇਗੀ।
ਪੰਜਾਬ ਦਾ ਇਹ ਹਿੱਸਾ ਰਿਹਾ ਵੱਧ ਠੰਢਾ
ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਪੰਜਾਬ ਵਿੱਚ ਵੀਰਵਾਰ ਨੂੰ ਸਭ ਤੋਂ ਵੱਧ ਠੰਢਾ ਆਦਮਪੁਰ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਜਾਣੋ ਆਪਣੇ ਸ਼ਹਿਰ ਦਾ ਤਾਪਮਾਨ
- ਚੰਡੀਗੜ੍ਹ ਦਾ ਤਾਪਮਾਨ - ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਅੰਮ੍ਰਿਤਸਰ ਦਾ ਤਾਪਮਾਨ - ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹੇਗਾ।
- ਗੁਰਦਾਸਪੁਰ ਦਾ ਤਾਪਮਾਨ - ਗੁਰਦਾਸਪੁਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹੇਗਾ।
- ਜਲੰਧਰ ਦਾ ਤਾਪਮਾਨ - ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹੇਗਾ।
- ਲੁਧਿਆਣਾ ਦਾ ਤਾਪਮਾਨ - ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹੇਗਾ।
- ਬਠਿੰਡਾ ਦਾ ਤਾਪਮਾਨ - ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਪਟਿਆਲਾ ਦਾ ਤਾਪਮਾਨ - ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਫ਼ਰੀਦਕੋਟ ਦਾ ਤਾਪਮਾਨ - ਫ਼ਰੀਦਕੋਟ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹੇਗਾ।