ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜੀ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ: ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ 'ਚ ਦਖ਼ਲ ਅੰਦਾਜੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਅੰਮ੍ਰਿਤਸਰ ਦੀ ਇਤਹਾਸਿਕ ਮਸਜਿਦ ਖੈਰਉੱਦੀਨ ਵਿਖੇ ਰੱਖੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ (ਮੁਫ਼ਤੀ ਏ ਆਜ਼ਮ, ਪੰਜਾਬ) ਸੂਬਾ ਪ੍ਰਧਾਨ ਜਮੀਅਤ ਏ ਉਲਮਾ ਹਿੰਦ, ਪੰਜਾਬ ਨੇ ਕੀਤਾ।
ਧਾਰਮਿਕ ਮਸਲਿਆਂ 'ਚ ਦਖ਼ਲ ਅੰਦਾਜੀ ਦੇ ਮਕਸਦ ਨਾਲ ਤਰ੍ਹਾਂ-ਤਰ੍ਹਾਂ ਦੇ ਬਿੱਲ
ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਵਕਫ਼ ਬੋਰਡ 'ਚ ਦਖ਼ਲ ਅੰਦਾਜੀ ਕਰਨ ਦੇ ਮਕਸਦ ਨਾਲ ਪਾਰਲੀਮੈਂਟ 'ਚ ਪੇਸ਼ ਕੀਤੇ ਵਕਫ਼ ਸੋਧ ਬਿੱਲ ਦੇ ਵਿਰੋਧ 'ਚ ਕਾਨਫਰੰਸ ਰੱਖੀ ਸੀ। ਉਕਤ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਕ ਦੀ ਮੌਜੂਦਾ ਸਰਕਾਰ ਆਏ ਦਿਨ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨੂੰ ਕਈ ਤਰੀਕਿਆਂ ਨਾਲ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੇ ਧਾਰਮਿਕ ਮਸਲਿਆਂ 'ਚ ਦਖ਼ਲ ਅੰਦਾਜੀ ਦੇ ਮਕਸਦ ਨਾਲ ਤਰ੍ਹਾਂ-ਤਰ੍ਹਾਂ ਦੇ ਬਿੱਲ ਉਨ੍ਹਾਂ ਖਿਲਾਫ ਲਿਆ ਰਹੀ ਹੈ।
ਮੁਸਲਮਾਨਾਂ ਦੀਆਂ ਧਾਰਮਿਕ ਕਮੇਟੀਆਂ ਵਿੱਚ ਕੋਈ ਦੂਜੇ ਧਰਮ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ
ਇਸ ਮੌਕੇ ਮੁਫ਼ਤੀ ਯੂਸਫ ਕਾਸਮੀ ਸੂਬਾ ਮੀਤ ਪ੍ਰਧਾਨ ਨੇ ਦੱਸਿਆ ਕਿ ਜਿਵੇਂ ਸਿੱਖਾਂ ਜਾਂ ਹਿੰਦੂਆਂ ਦੀਆਂ ਧਾਰਮਿਕ ਕਮੇਟੀਆਂ ਵਿੱਚ ਕੋਈ ਮੁਸਲਮਾਨ ਮੈਂਬਰ ਨਹੀਂ ਹੈ ਅਤੇ ਨਾ ਹੀ ਕੋਈ ਮੁਸਲਮਾਨ ਇਸ ਤਰ੍ਹਾਂ ਦੀ ਇੱਛਾ ਰੱਖਦਾ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਮੁਸਲਮਾਨਾਂ ਦੀਆਂ ਧਾਰਮਿਕ ਕਮੇਟੀਆਂ ਵਿੱਚ ਕੋਈ ਦੂਜੇ ਧਰਮ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਵਕਫ਼ ਜਾਇਦਾਦਾਂ ਉਨ੍ਹਾਂ ਦੇ ਪੁਰਖਿਆਂ ਦੀ ਦੇਣ ਹਨ ਅਤੇ ਵਕਫ਼ ਦੀ ਆਮਦਨ ਕਬਰਸਤਾਨਾਂ, ਮਦਰੱਸਿਆਂ, ਮਸਜਿਦਾਂ ਅਤੇ ਮੁਸਲਮਾਨਾਂ ਦੀ ਤਾਲੀਮੀ ਅਤੇ ਆਰਥਿਕ ਤਰੱਕੀ ਲਈ ਖਰਚ ਕੀਤੀ ਜਾਵੇਗੀ ਤਾਂ ਅਜਿਹੇ 'ਚ ਕੇਂਦਰ ਸਰਕਾਰ ਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਉਹ ਆਏ ਦਿਨ ਮੁਸਲਮਾਨਾਂ ਨੂੰ ਬਹਾਨੇ ਬਣਾ ਕੇ ਪ੍ਰੇਸ਼ਾਨ ਕਰੇ।
ਮੁਸਲਮਾਨਾਂ ਅਤੇ ਘੱਟ ਗਿਣਤੀਆਂ ਦੇ ਜਜ਼ਬਾਤਾਂ ਨਾਲ ਖੇਡਣ ਤੋਂ ਪਰਹੇਜ਼
ਮੁਫ਼ਤੀ ਵਸੀਮ ਅਕਰਮ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਇਸ ਮੌਕੇ ਕਿਹਾ ਕਿ ਫਿਲਹਾਲ ਵਕਫ਼ ਸਬੰਧੀ ਪੇਸ਼ ਕੀਤੇ ਬਿੱਲ 'ਤੇ ਵਿਚਾਰ ਕਰਨ ਲਈ 31 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਆਪਣੀ ਰਿਪੋਰਟ ਅਗਲੇ ਸ਼ੈਸ਼ਨ ਵਿੱਚ ਪੇਸ਼ ਕਰੇਗੀ। ਜਦੋਂ ਕਿ ਮੌਲਾਨਾ ਹਾਮਿਦ ਅਲੀ ਇਮਾਮ ਮਸਜਿਦ ਖੈਰਉੱਦੀਨ, ਨਾਇਬ ਇਮਾਮ ਦਾਨਿਸ਼ ਅਤੇ ਹਾਫਿਜ਼ ਸ਼ਾਹਿਦ ਅੰਮ੍ਰਿਤਸਰੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਿੱਲ ਨੂੰ ਵਾਪਸ ਲਿਆ ਜਾਵੇ ਅਤੇ ਭਵਿੱਖ ਵਿੱਚ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਦੇ ਜਜ਼ਬਾਤਾਂ ਨਾਲ ਖੇਡਣ ਤੋਂ ਪਰਹੇਜ਼ ਕੀਤਾ ਜਾਵੇ।
ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਥਾਂ-ਥਾਂ ਪ੍ਰੈਸ ਕਾਨਫਰੰਸਾਂ ਕੀਤੀਆਂ
ਧਿਆਨ ਵਿੱਚ ਰਹੇ ਕਿ ਉਕਤ ਪ੍ਰੋਗਰਾਮ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਉੱਤੇ ਆਧਾਰਿਤ ਸੀ। ਇਸ ਮੌਕੇ ਉਕਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਦੇਣ ਦਾ ਫੈਸਲਾ ਕੀਤਾ ਗਿਆ। ਚੇਤੇ ਰਹੇ ਜਮੀਅਤ ਏ ਉਲਮਾ ਵੱਲੋਂ "ਵਕਫ਼ ਬਚਾਓ ਤਹਿਰੀਕ" ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਥਾਂ-ਥਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਕਾਰੀ ਅੱਬੂਜ਼ਰ ਗਗੜੀਵਾਲ (ਤਰਨ ਤਾਰਨ), ਅਬਦੁਲ ਨੂਰ ਪ੍ਰਧਾਨ ਮਜਲਿਸ ਏ ਅਹਿਰਾਰ, ਮੁਹੰਮਦ ਖੁਰਸ਼ੀਦ, ਹਾਫਿਜ਼ ਸ਼ਹਿਜ਼ਾਦ ਤਰਨਤਾਰਨ, ਮਾਣਕ ਅਲੀ ਸਮਾਜ ਸੇਵਕ, ਹਾਫਿਜ ਹਾਕਮ ਛੇਹਰਟਾ, ਹਾਫਿਜ਼ ਇਰਸ਼ਾਦ ਮਜੀਠਾ, ਹਾਫਿਜ਼ ਲਿਆਕਤ, ਮੌਲਾਨਾ ਸ਼ਾਹਆਲਮ, ਮੌਲਾਨਾ ਮਜ਼ਹਰ ਕਾਸਮੀ, ਹਾਫਿਜ਼ ਇਰਫਾਨ ਨਾਗਲੀ, ਇੱਕਰਾਮ ਰਹਿਮਾਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਆਗੂ ਅਤੇ ਮਸਜਿਦਾਂ ਦੇ ਇਮਾਮ ਮੌਜੂਦ ਸਨ।
ਪੰਜਾਬ 'ਚ ਮੁੜ ਵੱਡੀ ਵਾਰਦਾਤ: ਸਕੂਲ ਦੇ ਬਾਹਰ ਫਾਇਰਿੰਗ; ਦਿਨ ਦਿਹਾੜੇ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ ਅੰਮ੍ਰਿਤਸਰ ਰੈਫਰ - Firing in Batala
ਚੰਡੀਗੜ੍ਹ ਗ੍ਰਨੇਡ ਅਟੈਕ ਨਾਲ ਜੁੜਿਆ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਮ, ਜਾਣੋ ਕੌਣ ਹੈ ਰਿੰਦਾ ? - Who Is Harwinder Rinda