ਪ੍ਰਤਾਪ ਬਾਜਵਾ ਨੇ ਹਰਪਾਲ ਚੀਮਾ 'ਤੇ ਕੀਤੀ ਪਰਚੇ ਦੀ ਮੰਗ ਤਰਨ ਤਾਰਨ: ਇੱਕ ਪਾਸੇ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹਨ ਤੇ ਲਗਾਤਾਰ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਬਿਆਨਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਸਿਆਸੀ ਲੀਡਰ ਇੱਕ ਦੂਜੇ 'ਤੇ ਤੰਜ਼ ਕੱਸਦੇ ਆਮ ਨਜ਼ਰ ਆਉਂਦੇ ਹਨ। ਇਸ ਦੇ ਚੱਲਦੇ ਤਰਨ ਤਾਰਨ 'ਚ ਪਾਰਟੀ ਦੇ ਪਾਰਟੀ ਦੇ ਸੂਬਾ ਸਕੱਤਰ ਮਨਿੰਦਰ ਪਾਲ ਸਿੰਘ ਪਲਾਸੌਰ ਦੇ ਘਰ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਡਿੰਪਾ ਸਣੇ ਹੋਰ ਕਈ ਕਾਂਗਰਸੀ ਆਗੂ ਵੀ ਮੌਜੂਦ ਸੀ।
ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਮਾਮਲਾ: ਇਸ ਦੌਰਾਨ ਪ੍ਰਤਾਪ ਬਾਜਵਾ ਪੰਜਾਬ ਦੀ ਮਾਨ ਸਰਕਾਰ 'ਤੇ ਹਮਲਾਵਰ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨਸ਼ਿਆਂ ਨੂੰ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਸੰਗਰੂਰ ਦੇ ਦਿੜਬਾ 'ਚ ਨੌ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਹਨ, ਜੋ ਕਿ ਵਿੱਤ ਅਤੇ ਐਕਸਾਇਜ਼ ਮੰਤਰੀ ਹਰਪਾਲ ਚੀਮਾ ਦਾ ਹਲਕਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਸੰਗਰੂਰ ਹੈ।
ਐਕਸਾਇਜ਼ ਮੰਤਰੀ 'ਤੇ ਪਰਚੇ ਦੀ ਮੰਗ: ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਕੈਪਟਨ ਸਰਕਾਰ ਦੌਰਾਨ ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਮਾਮਲਾ ਆਇਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਸਮੇਂ ਐਮਪੀ ਰਹਿੰਦਿਆਂ ਉਦੋਂ ਦੇ ਐਕਸਾਇਜ਼ ਮੰਤਰੀ 'ਤੇ 302 ਦਾ ਪਰਚਾ ਦੇਣ ਦੀ ਮੰਗ ਰੱਖੀ ਸੀ ਤੇ ਨਾਲ ਹੀ ਉਸ ਦੀ ਕੈਬਨਿਟ ਤੋਂ ਬਰਖਾਸਤੀ ਦੀ ਮੰਗ ਰੱਖੀ ਸੀ। ਉਨ੍ਹਾਂ ਕਿਹਾ ਕਿ ਯੂ ਟਰਨ ਲੈਣ ਵਾਲੀ ਮਾਨ ਸਰਕਾਰ ਹੁਣ ਆਪਣੇ ਵਿੱਤ ਅਤੇ ਐਕਸਾਇਜ਼ ਮੰਤਰੀ ਹਰਪਾਲ ਚੀਮਾ 'ਤੇ ਵੀ 302 ਦਾ ਪਰਚਾ ਦਰਜ ਕਰੇ ਤੇ ਨਾਲ ਹੀ ਕੈਬਨਿਟ ਤੋਂ ਬਾਹਰ ਦਾ ਰਾਹ ਦਿਖਾਵੇ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਮਾਨ ਇਸ ਮਸਲੇ 'ਤੇ ਚੁੱਪੀ ਧਾਰੀ ਬੈਠੇ ਹਨ।
ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ:ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਵੋਟ ਪਾ ਕੇ ਉਨ੍ਹਾਂ ਦੇ ਉਮੀਦਵਾਰ ਨੂੰ ਲੋਕ ਸਭਾ 'ਚ ਭੇਜੇ ਤੇ ਨਾਲ ਹੀ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦਿਖਾਉਣ। ਇਸ ਦੇ ਨਾਲ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈਕੇ ਵੀ ਨਿਸ਼ਾਨਾ ਸਾਧਿਆ।
ਅਕਾਲੀ ਭਾਜਪਾ ਗਠਜੋੜ 'ਤੇ ਨਿਸ਼ਾਨਾ: ਪ੍ਰਤਾਪ ਬਾਜਵਾ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਸ਼ਹਾਦਤ ਹੋ ਗਈ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਤੱਕ ਕੋਈ ਸਹਾਇਤਾ ਨਹੀਂ ਦਿੱਤੀ ਗਈ ਤੇ ਨਾ ਹੀ ਕਿਸੇ ਤਰ੍ਹਾਂ ਦੀ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਉਸ ਸਮੇਂ ਆਪਣਾ ਗਠਜੋੜ ਤੋੜ ਲਿਆ ਸੀ ਤੇ ਹੁਣ ਜਦੋਂ ਲੋਕ ਸਭਾ ਵੋਟਾਂ ਆ ਗਈਆਂ ਤਾਂ ਇਹ ਮੁੜ ਤੋਂ ਗਠਜੋੜ ਕਰਨ ਦੀ ਤਿਆਰੀ ਕਰ ਰਹੇ ਹਨ।