ਨਜਾਇਜ਼ ਮਾਈਨਿੰਗ ਖਿਲਾਫ ਪੁਲਿਸ ਦੀ ਕਾਰਵਾਈ, (ਪਠਾਨਕੋਟ ਪੱਤਰਕਾਰ) ਪਠਾਨਕੋਟ :ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵਧ ਰਹੀ ਨਜਾਇਜ਼ ਮਾਈਨਿੰਗ ਉੱਤੇ ਠੱਲ੍ਹ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ, ਉੱਥੇ ਹੀ ਪਠਾਨਕੋਟ ਵਿੱਚ ਨਿੱਤ ਦਿਨ ਵੱਖ-ਵੱਖ ਥਾਵਾਂ 'ਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਪਠਾਨਕੋਟ ਦੀ ਥਾਣਾ ਤਾਰਾਗੜ੍ਹ ਪੁਲਿਸ ਨੇ ਵੀ ਇਸੇ ਕੜੀ ਤਹਿਤ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਰਾਵੀ ਦਰਿਆ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਛਾਪੇਮਾਰੀ ਕੀਤੀ ਅਤੇ ਮੌਕੇ ਤੋਂ 2 ਟਰੈਕਟਰ, 3 ਟਰਾਲੀਆਂ ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ ਹੈ।
ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ
ਥਾਣਾ ਤਾਰਾਗੜ੍ਹ ਪੁਲਿਸ ਦੇ ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਵੀ ਦਰਿਆ 'ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਜਦੋਂ ਉਨ੍ਹਾਂ ਨੇ ਛਾਪੇਮਾਰੀ ਕੀਤੀ ਤਾਂ ਉੱਥੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ। ਇਨ੍ਹਾਂ ਕੋਲੋਂ 2 ਟਰੈਕਟਰ, 3 ਟਰਾਲੀਆਂ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰਾਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਧ ਰਹੀ ਮਾਈਨਿੰਗ ਦਾ ਜ਼ਿੰਮੇਵਾਰ ਕੌਣ?
ਜ਼ਿਕਰਯੋਗ ਹੈ ਕਿ ਸਖਤੀ ਦੇ ਬਾਵਜੂਦ ਵੀ ਸੂਬੇ 'ਚ ਕਈ ਥਾਵਾਂ 'ਤੇ ਧੜ੍ਹਲੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ।ਬੀਤੇ ਕੁਝ ਦਿਨਾਂ ਤੋਂ ਅਣਗਿਣਤ ਮਾਮਲੇ ਨਜਾਇਜ਼ ਮਾਈਨਿੰਗ ਦੇ ਸਾਹਮਣੇ ਆ ਚੁਕੇ ਹਨ। ਇੱਥੇ ਸਵਾਲ ਉਠਦਾ ਹੈ ਕਿਜਿੱਥੇ ਸਰਕਾਰ ਨੇ ਪੰਜਾਬ 'ਚ ਰੇਤਾ-ਬਜਰੀ ਦੀ ਖੁਦਾਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ, ਉੱਥੇ ਹੀ ਰੇਤਾ-ਬੱਜਰੀ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਦਾ ਫਾਇਦਾ ਹਿਮਾਚਲ 'ਚ ਸਥਿਤ ਕਰੈਸ਼ਰ ਮਾਲਕਾਂ ਵੱਲੋਂ ਉਠਾਇਆ ਜਾ ਰਿਹਾ ਹੈ । ਇਸ ਦਾ ਜ਼ਿੰਮੇਵਾਰ ਕੌਣ ਹੈ । ਕੀ ਸੱਚ ਹੀ ਸਿਆਸੀ ਸ਼ਹਿ 'ਤੇ ਇਹ ਗੈਰ ਕਾਨੂੰਨੀ ਧੰਦਾ ਹੂੰਦਾ ਹੈ? ਇਹ ਜਾਂਚ ਦਾ ਵਿਸ਼ਾ ਹੈ।