ਹੈਦਰਾਬਾਦ ਡੈਸਕ: ਬਹੁਤ ਚਾਅ ਨਾਲ ਸੈਲਾਨੀ ਪੰਜਾਬ ਘੁੰਮਣ ਆਉਂਦੇ ਹਨ।ਸਭ ਤੋਂ ਪਹਿਲਾਂ ਉਨ੍ਹਾਂ ਦੀ ਖਿੱਚ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੁੰਦਾ ਹੈ। ਇਸੇ ਚਾਅ ਅਤੇ ਉਤਸ਼ਾਹ ਨਾਲ ਇਹ ਪਰਿਵਾਰ ਰੂਸ ਤੋਂ ਗੁਰੂਘਰ ਆਇਆ ਸੀ ਤਾਂ ਜੋ ਉਨ੍ਹਾਂ ਨੂੰ ਰੂਹਾਨੀਅਤ ਦੇ ਕੇਂਦਰ ਸੱਚਖੰਡ ਦੇ ਦਰਸ਼ਨ ਹੋ ਸਕਣ ਅਤੇੇ ਗੁਰੂ ਦਾ ਆਸ਼ੀਰਵਾਦ ਮਿਲ ਸਕੇ ਪਰ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਸੀ ਕਿ ਉਨ੍ਹਾਂ ਦਾ ਇਹ ਰਸਤਾ ਮੁਸ਼ਕਿਲਾਂ ਨਾਲ ਭਰਿਆ ਹੋ ਸਕਦਾ ਹੈ। ਇਸ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਪੰਜਾਬ ਦਾ ਬੰਦ ਹੋਣਾ ਹੈ।
ਸੈਲਾਨੀ ਪ੍ਰੇਸ਼ਾਨ
ਕਾਬਲੇਜ਼ਿਕਰ ਹੈ ਕਿ ਬੇਸ਼ੱਕ ਪੰਜਾਬ ਬੰਦ ਦਾ ਸੱਦਾ ਕਈ ਦਿਨ ਪਹਿਲਾਂ ਹੀ ਕਿਸਾਨਾਂ ਵੱਲੋਂ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਸੈਲਾਨੀ ਜਿਹੜੇ ਪੰਜਾਬ 'ਚ ਨੇ ਉਨ੍ਹਾਂ ਨੂੰ ਜ਼ਰੂਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਭ ਦੇ ਚੱਲਦੇ ਰੂਸ ਤੋਂ ਆਏ ਇਸ ਪਰਿਵਾਰ ਨੂੰ ਥੋੜੀ ਰੁਕਾਵਟ ਜ਼ਰੂਰ ਆਈ ਪਰ ਪੁਲਿਸ ਅਧਿਕਾਰੀਆਂ ਨੇ ਖੁਦ ਇਸ ਵਿਦੇਸ਼ੀ ਪਰਿਵਾਰ ਦੀ ਮਦਦ ਕਰਨ ਲਈ ਆਟੋ ਦਾ ਇੰਤਜ਼ਾਮ ਕੀਤਾ ਅਤੇ ਪੂਰੀ ਇਫ਼ਾਜ਼ਤ ਦੇ ਨਾਲ ਇਸ ਵਿਦੇਸ਼ੀ ਪਰਿਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਸਰਾਂ ਵੱਲ ਰਵਾਨਾ ਕੀਤਾ। ਆਪਣੀ ਮੰਜ਼ਿਲ 'ਤੇ ਪਹੁੰਚਣ ਦੀ ਖੁਸ਼ੀ ਇਸ ਪਰਿਵਾਰ ਦੇ ਚਿਹਰੇ ਅਤੇ ਅੱਖਾਂ 'ਚ ਸਾਫ਼ ਦੇਖੀ ਜਾ ਸਕਦੀ ਹੈ।
ਰੂਸ ਤੋਂ ਘੁੰਮਣ ਆਏ ਪਰਿਵਾਰ ਨਾਲ ਆ ਕੀ ਹੋਇਆ (ETV Bharat) 400 ਸ਼ਰਧਾਲੂ ਵੀ ਫ਼ਸੇ
ਉਧਰ ਦੂਜੇ ਪਾਸੇ ਬਹੁਤ ਸਾਰੀ ਸੰਗਤ ਦੂਰੋਂ-ਦੂਰੋਂ ਗੁਰੂਘਰ ਸੇਵਾ ਕਰਨ ਲਈ ਵੀ ਆਉਂਦੀ ਹੈ ਤਾਂ ਜੋ ਉਨ੍ਹਾਂ ਨੂੰ ਸਕੂਨ ਮਿਲ ਸਕੇ। ਅਜਿਹਾ ਇੱਕ 400 ਸ਼ਰਧਾਲੂਆਂ ਦਾ ਜੱਥਾ ਵੀ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਫਸ ਕੇ ਰਹਿ ਗਿਆ। ਸੰਗਤ ਨੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਉਹ ਐਤਵਾਰ ਨੂੰ ਗੁਰੂਘਰ ਦਰਸ਼ਨ ਅਤੇ ਸੇਵਾ ਲਈ ਆਉਂਦੇ ਨੇ ਪਰ ਇਸ ਵਾਰ ਉਨ੍ਹਾਂ ਨੇ ਟ੍ਰੇਨ ਦੇ 2 ਡੱਬੇ ਬੁੱਕ ਕਰਵਾਏ ਸੀ ਪਰ ਟ੍ਰੇਨ ਰੱਦ ਹੋਣ ਕਾਰਨ ੳੇੁਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਰਧਾਲੂਆਂ ਨੇ ਆਖਿਆ ਕਿ ਇੰਝ ਮਸਲੇ ਹੱਲ ਨਹੀਂ ਹੋਣੇ ਗੱਲ ਬਾਤ ਨਾਲ ਹੀ ਹਰ ਸਮੱਸਿਆ ਦਾ ਹੱਲ ਹੁੰਦਾ ਹੈ।
ਕੋਲਕਾਤਾ ਦੇ ਲੋਕ ਲੁਧਿਆਣ 'ਚ ਫਸੇ
ਸਰਦੀ ਨੇ ਮੌਸਮ ਅਤੇ ਬਰਫ਼ਬਾਰੀ ਦਾ ਆਨੰਦ ਲੈਣ ਲਈ ਬਹੁਤ ਸਾਰੇ ਲੋਕ ਕੁੱਲੂ ਅਤੇ ਮਨਾਲੀ ਵੀ ਘੁੰਮਣ ਜਾਂਦੇ ਹਨ। ਅਜਿਹੇ ਹੀ 26 ਲੋਕ ਜਿੰਨਾਂ ਨੇ ਕੋਲਕਾਤਾ ਵਾਪਸ ਜਾਣਾ, ਉਹ ਹੁਣ ਲੁਧਿਆਣਾ 'ਚ ਫਸ ਗਏ ਹਨ। ਬੰਦ ਕਾਰਨ ਫਸੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਤਾ ਨਹੀਂ ਕਿ ਪੰਜਾਬ ਅੱਜ ਬੰਦ ਹੈ। ਉਹ ਤਾਂ ਪਰਿਵਾਰ ਨਾਲ ਘੁੰਮਣ ਗਏ ਸਨ ਅਤੇ ਹੁਣ ਇਸ ਬੰਦ 'ਚ ਫਸਣ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਦੌਰਾਨ ਉਨ੍ਹਾਂ ਮੌਕੇ 'ਤੇ ਮੌਜੂਦ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਉਨਾਂ੍ਹ ਨੂੰ ਇਸ ਜਾਮ 'ਚੋਂ ਕੱਢਿਆ ਜਾਵੇ।ਜਿਸ ਤੋਂ ਬਾਅਦ ਕਿਸਾਨ ਆਗੂ ਨੇ ਉਨ੍ਹਾਂ ਨੂੰ ਇਸ ਜਾਮ 'ਚੋਂ ਕੱਢਣ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੀ ਗੱਲ ਨੂੰ ਮੰਨ ਲਿਆ।
ਪੰਜਾਬ 'ਚ ਫਸਿਆ ਰੂਸ ਦਾ ਪਰਿਵਾਰ (ETV Bharat) ਯੂਪੀ ਦੇ ਯਾਤਰੀ ਵੀ ਪ੍ਰੇਸ਼ਾਨ
ਜੇਕਰ ਰੇਲਵੇ ਸਟੇਸ਼ਨਾਂ ਦੀ ਗੱਲ ਕਰੀਏ ਤਾਂ ਯੂਪੀ ਜਾਣ ਵਾਲੇ ਅਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਵੀ ਬਹੁਤ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।ਯਾਤਰੀਆਂ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਤਾਂ ਉਹ ਆਉਂਦੇ ਹੀ ਨਾ, ਪਰ ਹੁਣ ਇੱਥੇ ਫਸ ਕੇ ਰਹਿ ਗਏ ਹਨ।ਜਿਸ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਰੇਲਵੇ ਵੱਲੋਂ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ ਜਦਕਿ ਉਨ੍ਹਾਂ ਨੂੰ ਸੂਚਨਾ ਦੇਣੀ ਚਾਹੀਦੀ ਸੀ।
ਪੰਜਾਬ 'ਚ ਫਸਿਆ ਰੂਸ ਦਾ ਪਰਿਵਾਰ (ETV Bharat) ਕਿਉਂ ਪ੍ਰੇਸ਼ਨ ਹੋ ਰਹੇ ਯਾਤਰੀ
ਗੌਰਤਲਬ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਅਤੇ ਮੋਰਚੇ ਜਿੱਤਣ ਲਈ ਕਈ ਦਿਨ ਪਹਿਲਾਂ ਹੀ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਸੀ। ਜਿਸ ਨੂੰ ਲੈ ਕੇ 30 ਦਸੰਬਰ ਨੂੰ ਪੂਰਨਤੌਰ 'ਤੇ ਪੰਜਾਬ ਨੂੰ ਬੰਦ ਕੀਤਾ ਗਿਆ ਹੈ।ਇਹ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰੱਖਿਆ ਗਿਆ ਹੈ।ਹੁਣ ਵੇਖਣਾ ਹੋਵੇਗਾ ਕਿ ਇਸ ਬੰਦ ਕਾਰਨ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਉਸ ਦਾ ਕੋਈ ਅਸਰ ਕੇਂਦਰ ਸਰਕਾਰ 'ਤੇ ਪਵੇਗਾ ਜਾਂ ਨਹੀਂ।