ਮੋਗਾ: ਇੱਕ ਪਾਸੇ ਜਿਥੇ ਪੁਲਿਸ ਨਸ਼ੇ ਨੂੰ ਖ਼ਤਮ ਕਰਨ ਤੇ ਤਸਕਰਾਂ 'ਤੇ ਨਕੇਲ ਕੱਸਣ ਲਈ ਯਤਨ ਕਰ ਰਹੀ ਹੈ ਤਾਂ ਉਥੇ ਹੀ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਘੀਪੁਰਾ ਦੇ ਨੌਜਵਾਨ ਸਰਪੰਚ ਮਨਜੀਤ ਸਿੰਘ ਗਿੱਲ ਵਲੋਂ ਨਸ਼ਾ ਤਸਕਰਾਂ ਖਿਲਾਫ਼ ਵੱਡਾ ਐਕਸ਼ਨ ਲੈਂਦਿਆਂ ਅਹਿਮ ਮਤੇ ਪਾਏ ਗਏ। ਦੱਸਿਆ ਜਾ ਰਿਹਾ ਕਿ ਨੌਜਵਾਨ ਸਰਪੰਚ ਵਲੋਂ ਪਿੰਡ 'ਚ ਪਹਿਲੀ ਵਾਰ ਗ੍ਰਾਮ ਸਭਾ ਬੁਲਾਈ ਗਈ, ਜਿਸ 'ਚ ਪਿੰਡ ਦੇ 500 ਤੋਂ ਵੱਧ ਲੋਕਾਂ ਨੇ ਭਾਗ ਗਿਆ।
ਨਸ਼ੇ ਖਿਲਾਫ਼ ਐਕਸ਼ਨ 'ਚ ਪੰਚਾਇਤ
ਇਸ ਸਬੰਧੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜੇਕਰ ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਆਪਣੇ ਪੱਧਰ 'ਤੇ ਉਸ ਦੇ ਨਸ਼ੇ ਨੂੰ ਛੁਡਵਾਏਗੀ। ਇਸ ਤੋਂ ਇਲਾਵਾ ਇੱਕ ਸਾਲ ਲਗਾਤਾਰ ਉਸ ਦਾ ਸਾਰਾ ਖਰਚ ਚੁੱਕੇਗੀ ਤੇ ਨਾਲ ਹੀ ਨਸ਼ਾ ਛੱਡਣ 'ਤੇ ਪੰਚਾਇਤ ਉਸ ਨੂੰ ਆਪਣੇ ਪੱਧਰ 'ਤੇ ਸਨਮਾਨ ਕਰੇਗੀ ਅਤੇ ਰੁਜ਼ਗਾਰ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਉਹ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਖਿਲਾਫ ਪੰਚਾਇਤ ਕਾਨੂੰਨੀ ਕਾਰਵਾਈ ਵੀ ਕਰੇਗੀ। ਇਸ ਤੋਂ ਇਲਾਵਾ ਨਸ਼ਾ ਤਸਕਰਾਂ 'ਤੇ ਕਾਰਵਾਈ ਸਣੇ ਕਈ ਮੁੱਦੇ ਇਸ ਮਤੇ 'ਚ ਪਾਸ ਕੀਤੇ ਗਏ ਹਨ।
ਨੌਜਵਾਨ ਸਰਪੰਚ ਨੇ ਬੁਲਾਈ ਗ੍ਰਾਮ ਸਭਾ
ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਲੰਬੇ ਅਰਸੇ ਬਾਅਦ ਪਹਿਲੀ ਵਾਰ ਪਿੰਡ ਬੁੱਘੀਪੁਰਾ ਵਿੱਚ ਗ੍ਰਾਮ ਸਭਾ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਰਪੰਚ ਵਲੋਂ ਪਿੰਡ ਦੀ ਬਿਹਤਰੀ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਪੰਚ ਵਲੋਂ ਪਾਸ ਕੀਤੇ ਮਤਿਆਂ ਨਾਲ ਮਹਿਲਾਵਾਂ ਨੂੰ ਸੁੱਖ ਮਿਲੇਗੀ, ਕਿਉਂਕਿ ਉਨ੍ਹਾਂ ਦੇ ਪੁੱਤ, ਪਤੀ ਤੇ ਭਤੀਜੇ ਨਸ਼ੇ ਤੋਂ ਤੋਬਾ ਕਰਨਗੇ। ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਦੀ ਹਾਜ਼ਰੀ 'ਚ ਸਰਪੰਚ ਮਨਜੀਤ ਸਿੰਘ ਨੇ ਜੋ ਮਤੇ ਪਾਏ ਗਏ ਹਨ, ਉਸ ਨੂੰ ਪਿੰਡ ਦੇ ਲੋਕਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ।
ਸਰਪੰਚ ਦਾ ਲੱਡੂਆਂ ਨਾਲ ਕੀਤਾ ਗਿਆ ਤੋਲਾ
ਉਥੇ ਹੀ ਪਿੰਡ ਦੀ ਗ੍ਰਾਮ ਸਭਾ ਵਿੱਚ ਪਿੰਡ ਦੇ ਲੋਕਾਂ ਨੇ ਖੁੱਲ੍ਹ ਕੇ ਪੰਚਾਇਤ ਸਾਹਮਣੇ ਮੁੱਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਕਿ 25 ਤੋਂ 30 ਸਾਲਾਂ ਬਾਅਦ ਸਾਡੇ ਪਿੰਡ ਵਿੱਚ ਇਸ ਨੌਜਵਾਨ ਸਰਪੰਚ ਨੇ ਪਹਿਲੀ ਵਾਰ ਗ੍ਰਾਮ ਸਭਾ ਬਲਾਈ ਹੈ। ਇਸ ਦੌਰਾਨ ਖੁਸ਼ ਹੋਏ ਪਿੰਡ ਦੇ ਲੋਕਾਂ ਨੇ ਸਰਪੰਚ ਮਨਜੀਤ ਸਿੰਘ ਨੂੰ ਲੱਡੂਆਂ ਨਾਲ ਤੋਲ ਕੇ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।