ਲੁਧਿਆਣਾ:ਪੁਲਿਸ ਸਟੇਸ਼ਨ ਮੋਤੀ ਨਗਰ ਫੌਜੀ ਕਲੋਨੀ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਸਾਂਝੀ ਕੀਤੀ ਹੈ। ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ। ਬਲਾਤਕਾਰ ਕਰਨ ਤੋਂ ਬਾਅਦ ਉਸ ਨੇ ਬੱਚੀ ਦੇ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਪੀੜਤ ਪਰਿਵਾਰ ਤੇ ਮੁਲਜ਼ਮ
ਜਿਸ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਜਿਸ ਵਿਹੜੇ ਦੇ ਵਿੱਚ ਮ੍ਰਿਤਕ ਬੱਚੀ ਰਹਿੰਦੀ ਸੀ, ਉਸ ਦੇ ਹੀ ਤੀਜੀ ਮੰਜ਼ਿਲ ਉੱਤੇ ਰਹਿੰਦਾ ਸੀ। ਬੱਚੀ ਦਾ ਪਰਿਵਾਰ ਵੀ ਫੈਕਟਰੀ ਦੇ ਵਿੱਚ ਹੀ ਨੌਕਰੀ ਕਰਦਾ ਸੀ ਅਤੇ ਮੁਲਜ਼ਮ ਵੀ ਫੈਕਟਰੀ ਵਿੱਚ ਹੀ ਕੰਮ ਕਰਦਾ ਹੈ। ਡੀਸੀਪੀ ਨੇ ਦੱਸਿਆ ਕਿ ਉਸ ਦੇ ਮਾੜੇ ਵਿਹਾਰ ਕਰਕੇ ਹੀ ਉਸ ਨੂੰ ਉਸ ਦੇ ਪਰਿਵਾਰ ਵਾਲੇ ਛੱਡ ਕੇ ਇੱਥੋਂ ਚਲੇ ਗਏ ਸਨ। ਮੁਲਜ਼ਮ ਦੀ ਸ਼ਨਾਖਤ ਜਤਿੰਦਰ ਕੁਮਾਰ ਸ਼ਾਹ ਦੇ ਰੂਪ ਦੇ ਵਿੱਚ ਹੋਈ ਹੈ, ਜੋ ਬਿਹਾਰ ਦਾ ਰਹਿਣ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਸ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ ਹੈ, ਉਹ ਬੱਚੀ ਤੇ ਪੀੜਤ ਪਰਿਵਾਰ ਵੀ ਪ੍ਰਵਾਸੀ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਸ਼ਰਾਬੀ ਕਿਸਮ ਦਾ ਆਦਮੀ ਹੈ ਅਤੇ ਨਸ਼ੇ ਕਰਕੇ ਹੀ ਇਸ ਦੀ ਪਤਨੀ ਅਤੇ ਇਸ ਦਾ ਬੱਚਾ ਇਸ ਨੂੰ ਛੱਡ ਬਿਹਾਰ ਵਾਪਸ ਚਲੇ ਗਏ ਸਨ। ਉਨ੍ਹਾਂ ਨੇ ਕਿਹਾ ਬਾਕੀ ਉਹ ਡੁੰਘਾਈ ਦੇ ਨਾਲ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੇ ਹਨ।