ਦੋਸਤ ਦੀ ਮੌਤ ਤੋਂ ਬਾਅਦ ਐਨਆਰਆਈ ਦਾ ਵਿਸ਼ੇਸ਼ ਉਪਰਾਲਾ ਤਰਨ ਤਾਰਨ/ਅੰਮ੍ਰਿਤਸਰ:ਆਪਣੀ ਮਿਹਨਤ ਦੇ ਦਮ ਦੇ ਉੱਤੇ ਵਿਦੇਸ਼ਾਂ ਵਿੱਚ ਨਾਮਣਾ ਖੱਟਣ ਵਾਲੇ ਅਤੇ ਉੱਥੇ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਵੀ ਵਾਪਿਸ ਪੰਜਾਬ ਬਾਰੇ ਸੋਚਣ ਵਾਲੇ ਕਈ ਐਨਆਰਆਈ ਪੰਜਾਬ ਦੀ ਸੇਵਾ ਤੇ ਭਲਾਈ ਲਈ ਹਮੇਸ਼ਾ ਕੁਝ ਕਰ ਦਿਖਾਉਣ ਦੀ ਚਾਹਤ ਰੱਖਦੇ ਹਨ। ਅਜਿਹੀ ਇਹ ਮਿਸਾਲ ਇੱਕ ਵਾਰ ਮੁੜ ਦੇਖਣ ਨੂੰ ਮਿਲੀ ਹੈ, ਜਿੱਥੇ ਐਨਆਰਆਈ ਵੀਰ ਵਲੋਂ ਪੰਜਾਬ ਵਿੱਚ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਰੈਸਕਿਊ ਵਾਹਨ ਅਤੇ ਐਂਬੂਲੈਂਸ ਪ੍ਰਦਾਨ ਕੀਤੀ ਹੈ, ਜੋ 24 ਘੰਟੇ ਸੇਵਾ ਲਈ ਹਾਜ਼ਰ ਹੈ।
ਦੋਸਤ ਦੀ ਮੌਤ ਨੇ ਦਿੱਤੀ ਸੇਧ: ਕਈ ਵਾਰ ਜ਼ਿੰਦਗੀ ਵਿੱਚ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜੋ ਇਨਸਾਨ ਦੀ ਸੋਚ ਨੂੰ ਬਿਲਕੁਲ ਬਦਲ ਕੇ ਰੱਖ ਦਿੰਦੇ ਹਨ। ਕੁਝ ਅਜਿਹਾ ਹੀ ਹੋਇਆ ਹੈ ਸਾਲਾਂ ਤੋਂ ਅਮਰੀਕਾ ਵਿੱਚ ਰਹਿੰਦੇ ਇੱਕ ਐਨਆਰਆਈ ਵਿਅਕਤੀ ਨਾਲ ਜਿਸ ਦਾ ਦੋਸਤ ਕੁਝ ਸਮਾਂ ਪਹਿਲਾਂ ਪੰਜਾਬ ਦਵਿੱਚ ਆਇਆ ਸੀ ਤੇ ਇੱਕ ਸੜਕ ਹਾਦਸੇ ਦੌਰਾਨ ਮੌਕੇ ਉੱਤੇ ਕਥਿਤ ਮਦਦ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।
ਲਾਈਫ ਲਾਈਨ ਨਾਮ ਤੋਂ ਸੰਸਥਾ ਸ਼ੁਰੂ:ਇਸ ਤੋਂ ਬਾਅਦ ਉਕਤ ਐਨਆਰਆਈ ਵੱਲੋਂ ਇੱਕ ਸੰਸਥਾ ਬਣਾ ਕੇ ਹੁਣ ਲੋਕਾਂ ਦੀ ਮਦਦ ਦੇ ਲਈ ਲੱਖਾਂ ਰੁਪਏ ਦੀ ਕੀਮਤੀ ਮਸ਼ੀਨਰੀ ਅਮਰੀਕਾ ਤੋਂ ਭੇਜੀ ਗਈ ਹੈ। ਇਸ ਦੇ ਨਾਲ ਹੀ ਇਸ ਮਸ਼ੀਨਰੀ ਅਤੇ ਐਮਰਜੈਂਸੀ ਵੇਲੇ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਇਹ ਦੋ ਗੱਡੀਆਂ ਤਿਆਰ ਕੀਤੀਆਂ ਗਈਆਂ ਹਨ।
ਦੋਸਤ ਦੀ ਮੌਤ ਤੋਂ ਬਾਅਦ ਐਨਆਰਆਈ ਦਾ ਵਿਸ਼ੇਸ਼ ਉਪਰਾਲਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਈਫ ਲਾਈਨ ਸੰਸਥਾ ਨਾਲ ਕੰਮ ਕਰ ਰਹੇ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਮਰੀਕਾ ਤੋਂ ਇਕ ਵੀਰ ਅਮਨਦੀਪ ਸਿੰਘ ਢਿੱਲੋਂ ਵਲੋਂ ਇਹ ਸੰਸਥਾ ਬਣਾਈ ਗਈ ਹੈ ਅਤੇ ਸੰਸਥਾ ਦਾ ਮੁੱਖ ਦਫਤਰ ਤਰਨ ਤਾਰਨ ਵਿੱਚ ਹੈ ਅਤੇ ਕਰੀਬ ਡੇਢ ਦੋ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਇਸ ਸੰਸਥਾ ਨੂੰ ਉਹ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਲੈ ਕੇ ਜਾ ਰਹੇ ਹਨ।
ਮਲਕੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਗੱਡੀਆਂ ਦੀ ਗੱਲ ਕਰੀਏ ਤਾਂ ਇਹ ਗੱਡੀਆਂ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅਮਰੀਕਾ ਤੋਂ ਸਾਰੀ ਮਸ਼ੀਨਰੀ ਲਿਆ ਕੇ ਫਿੱਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਭ ਤੋਂ ਹਾਈ ਟੈਕ ਮਸ਼ੀਨਰੀ ਮੌਜੂਦ ਹੈ ਜਿਸ ਰਾਹੀਂ ਕਿਸੇ ਤਰ੍ਹਾਂ ਦਾ ਸੜਕ ਹਾਦਸਾ ਵਾਪਰਨ ਜਾਂ ਕੋਈ ਲੈਂਟਰ ਡਿੱਗਣ ਜਾਂ ਫਿਰ ਕੋਈ ਬੋਰਵੈਲ ਵਿੱਚ ਜੇਕਰ ਕੋਈ ਡਿੱਗਿਆ ਹੋਵੇ ਤਾਂ ਉਸ ਦੀ ਮਦਦ ਲਈ ਹਰ ਇੱਕ ਮਸ਼ੀਨਰੀ ਮੌਜੂਦ ਹੈ।
ਰੈਸਕਿਊ ਵਾਹਨ ਦੀ ਖਾਸੀਅਤ:ਇਸ ਦੇ ਨਾਲ ਹੀ, ਮਲਕੀਤ ਸਿੰਘ ਨੇ ਗੱਡੀ ਵਿੱਚ ਪਈ ਇੱਕ-ਇੱਕ ਮਸ਼ੀਨਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਹੜੀ ਮਸ਼ੀਨਰੀ ਕਿਸ ਵੇਲੇ ਕਿਹੜੇ ਕਿਹੜੇ ਕੰਮ ਆ ਸਕਦੀ ਹੈ ਅਤੇ ਖਾਸ ਤੌਰ ਦੇ ਇਸ ਵਿੱਚ ਜੇਕਰ ਹਾਦਸੇ ਦੌਰਾਨ ਗੱਡੀ ਵਿੱਚ ਕੋਈ ਵਿਅਕਤੀ ਫਸ ਗਿਆ ਤਾਂ ਗੱਡੀ ਨੂੰ ਕੱਟਣ ਤੋਂ ਇਲਾਵਾ ਕਿਸੇ ਡੂੰਘੀ ਥਾਂ ਤੋਂ ਡਿੱਗੀ ਗੱਡੀ ਨੂੰ ਕੱਢਣ ਸਮੇਤ ਹਰ ਇੱਕ ਲੋੜੀਂਦੀ ਚੀਜ਼ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁੱਖ ਮਕਸਦ ਲੋਕਾਂ ਦੀ ਜਾਨ ਬਚਾਉਣਾ ਅਤੇ ਜਾਗਰੂਕ ਕਰਨਾ ਹੈ। ਸੰਸਥਾ ਦਾ ਹੈਲਪਲਾਈਨ ਨੰਬਰ ਲੋਕਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਰੱਬ ਨਾ ਕਰੇ ਜੇਕਰ ਕਿਸੇ ਤਰ੍ਹਾਂ ਦੀ ਐਮਰਜੈਂਸੀ ਹੋਵੇ, ਤਾਂ ਲੋਕ ਉਨ੍ਹਾਂ ਨੂੰ ਫੋਨ ਕਰ ਸਕਦੇ ਹਨ ਅਤੇ ਮੁਫਤ ਵਿੱਚ ਸੇਵਾਵਾਂ ਲੈ ਸਕਦੇ ਹਨ।
ਮਲਕੀਤ ਸਿੰਘ ਨੇ ਦੱਸਿਆ ਕੀ ਸੰਸਥਾ ਵੱਲੋਂ ਵੱਖ-ਵੱਖ ਉਪਰਾਲੇ ਕਰਦੇ ਹੋਏ ਇਸ ਤੋਂ ਹੋਰ ਵੱਡੀ ਮਸ਼ੀਨਰੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੇਕਰ ਲੋਕਾਂ ਦਾ ਸਹਿਯੋਗ ਰਿਹਾ ਤਾਂ ਜਲਦੀ ਹੀ ਉਹ ਇਸ ਨੂੰ ਸੰਭਵ ਵੀ ਕਰ ਪਾਉਣਗੇ।