ਲੁਧਿਆਣਾ:ਸ਼ਹਿਰ ਦੇ ਇਕ ਲਗਜ਼ਰੀ ਹੋਟਲ 'ਚ ਬਣੇ ਜਿਮ 'ਚ ਬੀਤੀ ਸ਼ਾਮ ਡੀ.ਐੱਸ.ਪੀ ਦਿਲਪ੍ਰੀਤ ਸ਼ੇਰਗਿੱਲ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਦਿਲਪ੍ਰੀਤ ਮਲੇਰਕੋਟਲਾ 'ਚ ਤੈਨਾਤ ਸਨ ਅਤੇ ਲੁਧਿਆਣਾ ਰਹਿੰਦੇ ਸਨ। ਇਸ ਸਮੇਂ ਉਨ੍ਹਾਂ ਦੀ ਤੈਨਾਤੀ ਖਨੌਰੀ ਬਾਰਡਰ 'ਤੇ ਚੱਲ ਰਹੀ ਸੀ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
DGP ਪੰਜਾਬ ਨੇ ਦਿੱਤੀ ਸ਼ਰਧਾਂਜਲੀ:ਆਪਣੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਦਿਆਂ ਉਨ੍ਹਾਂ ਲਿਖਿਆ ਕਿ, ਬੀਤੇ ਕੱਲ੍ਹ ਖਨੌਰੀ ਬਾਰਡਰ ਸੰਗਰੂਰ ਵਿਖੇ ਡਿਊਟੀ ਨਿਭਾ ਰਹੇ ਆਪਣੇ ਬਹਾਦਰ DSP ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ। ਦਿਲਪ੍ਰੀਤ ਨੇ 31 ਸਾਲਾਂ ਤੋਂ ਵੱਧ ਸਮੇਂ ਤੱਕ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਸਾਡੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹਨ। ਸਾਡੀ ਦਿਲੀ ਹਮਦਰਦੀ ਹੈ। RIP!
ਬਤੌਰ ਏਐੱਸਆਈ ਹੋਏ ਸੀ ਪੁਲਿਸ 'ਚ ਭਰਤੀ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਡੀਐੱਸਪੀ ਦਿਲਪ੍ਰੀਤ ਸ਼ੇਰਗਿੱਲ 1992 'ਚ ਬਤੌਰ ਏ.ਐਸ.ਆਈ ਭਰਤੀ ਹੋਏ ਸਨ ਅਤੇ ਕੌਂਮੀ ਪੱਧਰ ਦੇ ਤੈਰਾਕ ਸਨ। ਆਪਣੀ ਫਿੱਟਨੈੱਸ ਨੂੰ ਲੈਕੇ ਵੀ ਦਿਲਪ੍ਰੀਤ ਕਾਫੀ ਗੰਭੀਰ ਰਹਿੰਦੇ ਸਨ। ਲਗਭਗ 50 ਸਾਲ ਦੇ ਕਰੀਬ ਉਨ੍ਹਾਂ ਦੀ ਉਮਰ ਸੀ। ਉਨ੍ਹਾਂ ਲੁਧਿਆਣਾ 'ਚ ਕਾਫੀ ਸਮਾਂ ਪੁਲਿਸ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ।
ਜਿਮ 'ਚ ਪ੍ਰੈਕਟਿਸ ਦੌਰਾਨ ਪਿਆ ਦਿਲ ਦਾ ਦੌਰਾ: ਡੀਐਸਪੀ ਦਿਲਪ੍ਰੀਤ ਸਿੰਘ ਦੀ ਲਗਭਗ 50 ਸਾਲ ਦੇ ਕਰੀਬ ਉਮਰ ਸੀ ਅਤੇ ਉਹ ਲੁਧਿਆਣਾ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ਦੇ ਵਿੱਚ ਜਿਮ ਦੇ ਅੰਦਰ ਪ੍ਰੈਕਟਿਸ ਕਰ ਰਹੇ ਸਨ, ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਡੀਐਸਪੀ ਦਿਲਪ੍ਰੀਤ ਸਿੰਘ ਮਲੇਰਕੋਟਲਾ ਦੇ ਵਿੱਚ ਤੈਨਾਤ ਸਨ ਅਤੇ ਲੁਧਿਆਣਾ ਦੇ ਵਿੱਚ ਵੀ ਉਹ ਬਤੌਰ ਏਸੀਪੀ ਪੁਲਿਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਸਨ।
ਕਈ ਅਪਰਾਧਿਕ ਮਾਮਲੇ ਕੀਤੇ ਨੇ ਹੱਲ:ਡੀਐਸਪੀ ਦਿਲਪ੍ਰੀਤ ਨੂੰ ਆਪਣੀ ਫਿਟਨੈਸ ਨੂੰ ਲੈ ਕੇ ਕਾਫੀ ਗੰਭੀਰ ਸਨ ਅਤੇ ਉਹ ਜਿਮ ਰੋਜ਼ਾਨਾ ਜਾਂਦੇ ਸਨ। ਉਹਨਾਂ ਲੁਧਿਆਣੇ ਵਿੱਚ ਰਹਿੰਦਿਆਂ ਕਈ ਕਤਲ ਦੀਆਂ ਗੁੱਥੀਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਵੀ ਸੁਲਝਾਇਆ ਸੀ। ਦਿਲਪ੍ਰੀਤ ਨੂੰ ਘੁੰਮਣ ਫਿਰਨ ਦਾ ਵੀ ਕਾਫੀ ਸ਼ੌਂਕ ਸੀ। ਉਨ੍ਹਾ ਦੀ ਮੌਤ 'ਤੇ ਲੁਧਿਆਣਾ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਦੁੱਖ ਜਾਹਿਰ ਕੀਤਾ ਹੈ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕਦਾ ਹੈ।