ਕਾਰਾਂ ਦੇ ਟੁਕੜੇ ਕਰਕੇ ਵੇਚਦਾ ਸੀ ਗੈਂਗ (ETV BHARAT (ਰਿਪੋਟਰ, ਸ੍ਰੀ ਮੁਕਤਸਰ ਸਾਹਿਬ)) ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ ਅਤੇ ਜਸਬੀਰ ਸਿੰਘ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ, ਐਸ.ਆਈ ਜਗਸੀਰ ਸਿੰਘ ਇੰਚਾਰਜ ਸੀ.ਆਈ.ਏ ਮਲੋਟ ਅਤੇ ਪੁਲਿਸ ਪਾਰਟੀ ਵਲੋਂ ਚੋਰ ਗਿਰੋਹ ਦੇ 03 ਮੈਂਬਰਾਂ ਨੂੰ ਕਾਬੂ ਕਰਕੇ 05 ਚੋਰੀ ਦੀਆਂ ਕਾਰਾਂ ਬ੍ਰਾਮਦ ਕੀਤੀਆਂ ਗਈਆਂ ਹਨ।
ਟੁਕੜੇ ਕਰਕੇ ਵੇਚਦੇ ਸਨ ਸਮਾਨ: ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਖਾਸ-ਮੁਖਬਰ ਦੀ ਇਤਲਾਹ ਉੱਤੇ ਮੁਲਜ਼ਮ ਅਜੈ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀ ਬਾਲਮੀਕ ਮਹੱਲਾ ਮਲੋਟ ਅਤੇ ਚਿਰਾਗ ਪੁੱਤਰ ਰਾਜੇਸ਼ ਕੁਮਾਰ ਵਾਸੀ ਆਦਰਸ਼ ਨਗਰ ਮਲੋਟ ਨੂੰ ਪੁਲਿਸ ਵੱਲੋਂ ਇੱਕ ਚੋਰੀ ਦੀ ਵੈਗਨਾਰ ਕਾਰ ਸਮੇਤ ਕਾਬੂ ਕੀਤਾ ਗਿਆ। ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸਾਥੀ ਵਿਨੋਦ ਪੁੱਤਰ ਸਾਹਿਬ ਰਾਮ ਵਾਸੀ ਗੰਗਾਨਗਰ (ਰਾਜਸਥਾਨ) ਨਾਲ ਮਿਲ ਕੇ ਕਾਰਾਂ ਚੋਰੀ ਕਰਕੇ ਉਸ ਦੇ ਪਾਰਟਸ ਅਲੱਗ-ਅਲੱਗ ਕਰਕੇ ਵੇਚ ਜਾਂਦੇ ਸਨ।
ਮੁਲਜ਼ਮ ਹਿਸਟਰੀ ਸ਼ੀਟਰ:ਪੁਲਿਸ ਵੱਲੋਂ ਉਨ੍ਹਾਂ ਦੇ ਤੀਸਰੇ ਸਾਥੀ ਵਿਨੋਦ ਪੁੱਤਰ ਸਾਹਿਬ ਰਾਮ ਨੂੰ ਕਾਬੂ ਕਰ ਲਿਆ। ਉਨ੍ਹਾਂ ਪੁੱਛਗਿੱਛ ਦੌਰਾਨ ਇਹ ਵੀ ਦੱਸਿਆਂ ਕਿ ਉਨ੍ਹਾਂ ਨੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚੋਂ 26 ਕਾਰਾਂ ਚੋਰੀ ਕਰਕੇ ਉਨ੍ਹਾਂ ਦੇ ਪਾਰਟਸ ਵੇਚੇ ਹਨ। ਜਿਨ੍ਹਾਂ ਵਿੱਚੋਂ 03 ਕਾਰਾ ਸਾਬਤ, 02 ਕਾਰਾ ਦੇ ਪਾਰਟਸ ਬ੍ਰਾਮਦ ਹੋਏ ਜਨ, ਇਸ ਅਧਾਰ ਉੱਤੇ ਹੁਣ ਤੱਕ ਕੁੱਲ੍ਹ 05 ਕਾਰਾ ਬ੍ਰਾਮਦ ਹੋ ਚੁੱਕੀਆਂ ਹਨ। ਪੁਲਿਸ ਦਾ ਕਹਿਣਾ ਹੈ ਕਾਬੂ ਕੀਤੇ ਗਏ ਮੁਲਜ਼ਮ ਹਿਸਟਰੀ ਸ਼ੀਟਰ ਵੀ ਹਨ ਅਤੇ ਇਨ੍ਹਾਂ ਉੱਤੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ ਮਾਮਲੇ ਦਰਜ ਹਨ।
ਕਵਾੜੀਏ ਹੋਣਗੇ ਰਾਊਂਡਅਪ:ਐੱਸਐੱਸਪੀ ਨੇ ਕਿਹਾ ਹੈ ਕਿ ਮੁਲਜ਼ਮ ਕਾਰਾਂ ਦੇ ਵੱਖ-ਵੱਖ ਹਿੱਸਿਆਂ ਨੂੰ ਟੁਕੜੇ ਕਰਕੇ ਵੇਚਦੇ ਸਨ ਅਤੇ ਹੁਣ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਪਤਾ ਕੀਤਾ ਜਾਵੇਗਾ ਕਿ ਕਿਹੜੇ ਕਵਾੜੀਏ ਨੂੰ ਉਹ ਚੋਰੀ ਕੀਤੀਆਂ ਕਾਰਾਂ ਦਾ ਸਮਾਨ ਵੇਚਦੇ ਸਨ। ਉਨ੍ਹਾਂ ਕਿਹਾ ਕਿ ਕਵਾੜੀਆਂ ਦਾ ਨਾਮ ਨਸ਼ਰ ਹੋਣ ਮਗਰੋਂ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।