ਲੁਧਿਆਣਾ ਦੇ ਬਾਲ ਸੁਧਾਰ ਘਰ 'ਚ ਪਾਕਿਸਤਾਨ ਤੋਂ ਲਾਪਤਾ ਮੁਹੰਮਦ ਅਲੀ (ETV BHARAT (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਪਾਕਿਸਤਾਨ ਦੇ ਐਬਟਾਬਾਦ ਦੇ ਰਹਿਣ ਵਾਲੇ ਮੁਹੰਮਦ ਅਲੀ ਨਾਮਕ ਨੌਜਵਾਨ ਜੋ ਕਿ ਪਿਛਲੇ ਸਾਲ ਪਾਕਿਸਤਾਨ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਿਲ ਹੋਇਆ ਸੀ ਅਤੇ ਉਸ ਨੂੰ ਬੀਐਸਐਫ ਨੇ ਕਾਬੂ ਕਰਨ ਤੋਂ ਬਾਅਦ ਲੁਧਿਆਣਾ ਦੀ ਅਬਜਰਵੇਸ਼ਨ ਹੋਮ ਜੇਲ੍ਹ ਵਿੱਚ ਰੱਖਿਆ ਹੈ। ਹਾਲਾਂਕਿ ਮੁਹੰਮਦ ਅਲੀ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਇਸ ਦੀ ਜਾਣਕਾਰੀ ਜਦੋਂ ਪਾਕਿਸਤਾਨ ਰਹਿੰਦੇ ਪਰਿਵਾਰ ਨੂੰ ਲੱਗੀ। ਉਹਨਾਂ ਨੇ ਇਸ ਸੰਬੰਧ ਵਿੱਚ ਪਾਕਿਸਤਾਨ ਸਰਕਾਰ ਕੋਲ ਰਿਹਾਈ ਦੀ ਗੁਹਾਰ ਲਗਾਈ ਹੈ, ਤਾਂ ਇਹ ਮਾਮਲਾ ਹੁਣ ਭਾਰਤ ਸਰਕਾਰ ਤੱਕ ਪਹੁੰਚਿਆ ਹੈ ਅਤੇ ਉਸ ਦੀ ਰਿਹਾਈ ਦਾ ਪ੍ਰੋਸੈਸ ਚੱਲ ਰਿਹਾ।
ਗ੍ਰਹਿ ਵਿਭਾਗ ਕੋਲ ਹੈ ਮਾਮਲਾ: ਜਦੋਂ ਇਸ ਸਬੰਧ ਵਿੱਚ ਲੁਧਿਆਣਾ ਦੇ ਸ਼ਿਮਲਾਪੁਰੀ ਅਬਜਰਵੇਸ਼ਨ ਹੋਮ ਦੇ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਕਿਹਾ ਕਿ ਮੁਹੰਮਦ ਅਲੀ ਪਿਛਲੇ ਸਾਲ ਉਹਨਾਂ ਦੀ ਜੇਲ੍ਹ ਵਿੱਚ ਆਇਆ ਸੀ ਅਤੇ ਜੁਮਨਾਇਲ ਹੋਣ ਦੇ ਚੱਲਦਿਆਂ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਗ੍ਰਹਿ ਵਿਭਾਗ ਕੋਲ ਹੈ ਅਤੇ ਉਸ ਦੀ ਰਿਹਾਈ ਦਾ ਪ੍ਰੋਸੈਸ ਚੱਲ ਰਿਹਾ ਹੈ। ਮਹੁੰਮਦ ਅਲੀ ਦੇ ਪਰਿਵਾਰ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਗਈ ਹੈ।
ਪਰਿਵਾਰ ਕਰ ਰਿਹਾ ਸੀ ਭਾਲ: ਦੱਸ ਦਈਏ ਕਿ 7 ਅਗਸਤ 2023 ਨੂੰ ਮੁਹੰਮਦ ਅਲੀ ਆਪਣੇ ਘਰ ਤੋਂ ਰਾਵਲਪਿੰਡੀ ਜਾਣ ਲਈ ਨਿਕਲਿਆ ਸੀ, ਪਰ ਵਾਪਸ ਘਰ ਨਹੀ ਪਰਤਿਆ। ਉਦੋਂ ਤੋਂ ਹੀ ਉਸ ਦਾ ਪਰਿਵਾਰ ਉਸ ਨੂੰ ਲੱਭ ਰਿਹਾ ਸੀ। ਆਖਿਰਕਾਰ ਜਦੋਂ ਇਸ ਦੀ ਪੂਰੀ ਜਾਂਚ ਪੜਤਾਲ ਕੀਤੀ ਗਈ, ਤਾਂ ਉਹ ਲੁਧਿਆਣਾ ਬਾਲ ਸੁਧਾਰ ਜੇਲ੍ਹ ਵਿੱਚ ਮਿਲਿਆ। ਜਿਸ ਤੋਂ ਬਾਅਦ ਪਰਿਵਾਰ ਨੇ ਫੋਨ ਕੀਤਾ ਤੇ ਉਸ ਨੂੰ ਪੁੱਛਿਆ ਕਿ ਆਖਿਰਕਾਰ ਉਹ ਬਾਰਡਰ 'ਤੇ ਕਿਵੇਂ ਪਹੁੰਚਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਇੱਕ ਸਾਲ ਦਾ ਸਮਾਂ ਉਸ ਨੂੰ ਪੂਰਾ ਹੋ ਚੁੱਕਾ ਹੈ ਅਤੇ ਅਦਾਲਤਾਂ ਵੱਲੋਂ ਉਸ ਦੀ ਰਿਹਾਈ ਨੂੰ ਲੈ ਕੇ ਅੱਗੇ ਦੇ ਕੇਸ ਚਲਾਏ ਜਾ ਰਹੇ ਹਨ। ਅਲੀ ਦੀ ਉਮਰ 18 ਸਾਲ ਤੋਂ ਘੱਟ ਹੈ।
ਬੱਚੇ ਦੀ ਹਾਲਤ ਬਿਲਕੁਲ ਸਹੀ: ਬਾਲ ਸੁਧਾਰ ਘਰ ਦੇ ਸੁਪਰਡੈਂਟ ਕਮਲਜੀਤ ਸਿੰਘ ਗਿੱਲ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਬੱਚੇ ਦੀ ਹਾਲਤ ਬਿਲਕੁਲ ਸਹੀ ਹੈ। ਅਸੀਂ ਉਸ ਦਾ ਮਾਨਸਿਕ ਇਲਾਜ ਵੀ ਕਰਵਾਇਆ ਹੈ। ਉਹਨਾਂ ਕਿਹਾ ਕਿ ਇੱਕ ਸਾਲ ਤੋਂ ਉਹ ਬਾਲ ਸੁਧਾਰ ਘਰ ਵਿੱਚ ਹੈ ਅਤੇ ਹੁਣ ਉਸ ਦੀ ਰਿਹਾਈ ਨੂੰ ਲੈ ਕੇ ਅੱਗੇ ਦਾ ਪ੍ਰੋਸੈਸ ਚੱਲ ਰਿਹਾ ਹੈ।