ਲੁਧਿਆਣਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ 'ਚ ਸਿਆਸਤ ਗਰਮਾਈ ਹੋਈ ਹੈ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ। ਅੱਜ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਕੀਤੇ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਜਾਣ ਦੀ ਗੱਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਕਹੀ ਗਈ ਸੀ, ਜਿਸ ਦੇ ਚੱਲਦਿਆਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਉਹਨਾਂ ਦੀ ਰਿਹਾਇਸ਼ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਮੈਂਬਰ ਪਾਰਲੀਮੈਂਟ ਨੂੰ ਮਿਲਣ ਲਈ ਪਹੁੰਚੇ ਸਾਬਕਾ ਵਿਧਾਇਕ ਸੰਜੇ ਤਲਵਾਰ ਵੀ ਉਹਨਾਂ ਦੇ ਨਾਲ ਅੰਦਰ ਹੀ ਬੰਦ ਹਨ। ਬਾਹਰ ਮੇਨ ਗੇਟ ਨੂੰ ਪੁਲਿਸ ਵਲੋਂ ਸੰਗਲਾਂ ਨਾਲ ਬੰਦ ਕਰ ਦਿੱਤਾ ਗਿਆ ਤੇ ਬੈਰੀਕੇਟ ਲਗਾ ਦਿੱਤੇ ਗਏ ਹਨ।
ਨਜ਼ਰਬੰਦ ਕਰਨ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ MP ਬਿੱਟੂ, ਕਿਹਾ- ਸਰਕਾਰ ਅਤੇ ਰਾਘਵ ਚੱਢਾ ਡਰੇ, ਮੈਨੂੰ ਅਤੇ ਪਰਿਵਾਰ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ - MP Ravneet Bittu was detained
ਪੰਜਾਬ ਪੁਲਿਸ ਵਲੋਂ ਅੱਜ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੂੰ ਘਰ 'ਚ ਹੀ ਨਜ਼ਰਬੰਦ ਕੀਤਾ ਗਿਆ। ਇਸ ਦੌਰਾਨ ਰਵਨੀਤ ਬਿੱਟੂ ਪੰਜਾਬ ਸਰਕਾਰ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ 'ਤੇ ਨਿਸ਼ਾਨਾ ਸਾਧਦੇ ਨਜ਼ਰ ਆਏ।
Published : Mar 12, 2024, 4:51 PM IST
ਰਵਨੀਤ ਬਿੱਟੂ ਨੂੰ ਕੀਤਾ ਗਿਆ ਨਜ਼ਰਬੰਦ:ਲੁਧਿਆਣਾ ਪੁਲਿਸ ਦੇ ਨਾਲ-ਨਾਲ ਕੇਂਦਰ ਤੋਂ ਆਈ ਸੁਰੱਖਿਆ ਫੋਰਸ ਨੂੰ ਵੀ ਮੈਂਬਰ ਪਾਰਲੀਮੈਂਟ ਦੇ ਘਰ ਦੇ ਬਾਹਰ ਤੈਨਾਤ ਕੀਤਾ ਗਿਆ ਹੈ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ ਅਤੇ ਨਜ਼ਰਬੰਦ ਕਰਨ ਦਾ ਕਾਰਨ ਪੁੱਛਿਆ ਗਿਆ ਹੈ। ਇਸ ਮੌਕੇ 'ਤੇ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਪ ਸਰਕਾਰ ਡਰ ਰਹੀ ਹੈ ਤੇ ਰਾਘਵ ਚੱਢਾ ਦੇ ਕਾਰਨ ਹੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਿੰਨੇ ਦਿਨ ਲਈ ਉਹਨਾਂ ਨੂੰ ਬੰਦ ਕੀਤਾ ਜਾਵੇਗਾ, ਜੇਕਰ ਅੱਜ ਰੋਕਿਆ ਜਾਵੇਗਾ ਤਾਂ ਉਹ ਕੱਲ ਉਹਨਾਂ ਪ੍ਰੋਜੈਕਟਾਂ ਵਾਲੀ ਜਗ੍ਹਾ 'ਤੇ ਜਾਣਗੇ ਤੇ ਜਾਇਜ਼ਾ ਲੈਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਬਿਰਧ ਮਾਤਾ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਕੇਜਰੀਵਾਲ ਤੇ ਰਾਘਵ ਚੱਢਾ 'ਤੇ ਕੱਢੀ ਭੜਾਸ:ਇਸ ਦੌਰਾਨ ਸਾਂਸਦ ਰਵਨੀਤ ਬਿੱਟੂ ਨੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਲੁਧਿਆਣਾ ਵਿੱਚ ਨਾ ਵੜਨ ਦੇਣ ਦੀ ਵੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਡਰੀ ਹੋਈ ਹੈ ਤੇ ਬਾਰ-ਬਾਰ ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਪੱਲਾ ਝਾੜਦੇ ਨਜ਼ਰ ਆਏ ਤੇ ਉਨ੍ਹਾਂ ਨੇ ਕਿਹਾ ਕਿ ਨਜ਼ਰਬੰਦ ਨਹੀਂ ਕੀਤਾ ਗਿਆ ਹੈ, ਸਿਰਫ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਇਹ ਸਟੈਪ ਚੁੱਕੇ ਗਏ ਹਨ।