ਬਠਿੰਡਾ: ਛੱਠ ਪੂਜਾ ਦਾ ਤਿਉਹਾਰ ਜਿੱਥੇ ਦੇਸ਼ ਭਰ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਉੱਥੇ ਹੀ ਬਠਿੰਡਾ ਵਿਖੇ ਇਸ ਤਿਉਹਾਰ ਦੌਰਾਨ ਹੋਈ ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਕਰੀਬ ਅੱਧੀ ਦਰਜਨ ਨੌਜਵਾਨਾਂ ਵੱਲੋਂ ਇੱਕ ਪ੍ਰਵਾਸੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਥਾਣਾ ਸਿਵਲ ਲਾਈਨ ਦਾ ਘਿਰਾਓ ਕੀਤਾ ਗਿਆ।
ਛੱਠ ਪੂਜਾ ਦੌਰਾਨ ਹੋਏ ਤਕਰਾਰ ਤੋਂ ਬਾਅਦ ਕਤਲ (ETV BHARAT) ਪਰਿਵਾਰ ਵਲੋਂ ਇਨਸਾਫ਼ ਦੀ ਮੰਗ
ਇਸ ਦੌਰਾਨ ਮ੍ਰਿਤਕ ਮਹਾਂਵੀਰ ਪਾਸਵਾਨ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਬੀਤੇ ਕੱਲ ਛੱਠ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਭਰਾ ਦੇ ਮੋਟਰਸਾਈਕਲ ਵਿੱਚ ਕੁਝ ਨੌਜਵਾਨਾਂ ਵੱਲੋਂ ਮੋਟਰਸਾਈਕਲ ਮਾਰਿਆ ਗਿਆ। ਇਸ ਦੌਰਾਨ ਹੋਈ ਤਕਰਾਰ ਤੋਂ ਬਾਅਦ ਜਦੋਂ ਮਹਾਂਵੀਰ ਪਾਸਵਾਨ ਆਪਣੇ ਘਰ ਆਇਆ ਤਾਂ ਗਲੀ ਵਿੱਚ ਆਏ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਬਾਹਰ ਬੁਲਾ ਲਿਆ ਗਿਆ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਜ਼ਖਮੀ ਹੋਏ ਮਹਾਂਵੀਰ ਪਾਸਵਾਨ ਨੇ ਦਮ ਤੋੜ ਦਿੱਤਾ। ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਹਾਂਵੀਰ ਪਾਸਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਸਿਵਲ ਲਾਈਨ ਦਾ ਘਿਰਾਓ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਗਈ ਹੈ।
ਪੁਲਿਸ ਵਲੋਂ ਕਾਰਵਾਈ ਦੀ ਆਖੀ ਗਈ ਗੱਲ
ਉਧਰ ਦੂਸਰੇ ਪਾਸੇ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਘਟਨਾ ਸਬੰਧੀ ਰਾਤ ਹੀ ਪੁਲਿਸ ਨੂੰ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਮ੍ਰਿਤਕ ਦੇ ਭਾਈ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਲੋੜੀਂਦੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।