ਪੰਜਾਬ ਦੇ ਕਈ ਪ੍ਰੋਜੈਕਟ ਪਏ ਠੰਢੇ ਬਸਤੇ (ETV BHARAT (ਰਿਪੋਰਟ - ਪੱਤਰਕਾਰ, ਲੁਧਿਆਣਾ)) ਲੁਧਿਆਣਾ:ਸੂਬੇ 'ਚ ਨੈਸ਼ਨਲ ਹਾਈਵੇ ਅਥਾਰਟੀ ਦੇ ਕਈ ਵੱਡੇ ਪ੍ਰੋਜੈਕਟ ਬੰਦ ਹੋਣ ਦੀ ਕਗਾਰ 'ਤੇ ਹਨ। ਜਿਨ੍ਹਾਂ ਠੇਕੇਦਾਰਾਂ ਵੱਲੋਂ ਪ੍ਰੋਜੈਕਟ ਪੂਰਾ ਕਰਨ ਦਾ ਠੇਕਾ ਲਿਆ ਸੀ, ਉਨ੍ਹਾਂ ਨੇ ਹੀ ਹੁਣ ਪ੍ਰੋਜੈਕਟ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ ਕਿਉਂਕੇ ਕਈ ਥਾਵਾਂ 'ਤੇ ਕਿਸਾਨਾਂ ਨੇ NHAI ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ। ਇੰਨ੍ਹਾਂ ਪ੍ਰੋਜੈਕਟਾਂ ਦੇ ਵਿੱਚ ਲੁਧਿਆਣਾ ਬਠਿੰਡਾ ਹਾਈਵੇ, ਦੱਖਣੀ ਲੁਧਿਆਣਾ ਗਰੀਨ ਫੀਲਡ ਬਾਈਪਾਸ ਸ਼ਾਮਿਲ ਹਨ।
ਰੇਲਵੇ ਪ੍ਰੋਜੈਕਟਾਂ 'ਚ ਦਿੱਕਤ: ਇਸ ਤੋਂ ਇਲਾਵਾ ਕਈ ਰੇਲ ਲਾਈਨ ਪ੍ਰੋਜੈਕਟ ਵੀ ਕਿਸਾਨਾਂ ਵੱਲੋਂ ਜ਼ਮੀਨ ਨਾ ਦੇਣ ਕਰਕੇ ਠੰਡੇ ਬਸਤੇ ਚੱਲੇ ਗਏ ਹਨ। ਜਿਨ੍ਹਾਂ ਚ ਰਾਜਪੁਰਾ ਚੰਡੀਗੜ੍ਹ ਰੇਲਵੇ ਲਾਈਨ, ਫਿਰੋਜ਼ਪੁਰ ਪੱਟੀ ਅਤੇ ਕਾਦੀਆਂ ਰੇਲਵੇ ਲਿੰਕ ਸ਼ਾਮਿਲ ਹੈ, ਜਿਸ ਦੀ ਪੁਸ਼ਟੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜ਼ਮੀਨ ਐਕਵਾਇਰ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਕਾਰਨ ਇਹ ਪ੍ਰੋਜੈਕਟ ਅੱਧ ਵਿਚਕਾਰ ਲਟਕ ਗਏ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਇਸ ਦਾ ਕੋਈ ਨਾ ਕੋਈ ਹੱਲ ਲਭਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ।
ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ: ਇਸ ਸਬੰਧੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣਾ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟਾਂ ਸਬੰਧੀ ਪੀਡਬਲਿਉਡੀ ਦੇ ਸੈਕਟਰੀ ਦੇ ਨਾਲ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਫਿਲਹਾਲ ਇਹ ਪ੍ਰੋਜੈਕਟ ਬੰਦ ਨਹੀਂ ਕੀਤੇ ਗਏ ਹਨ। ਕੁਝ ਕਿਸਾਨਾਂ ਦੇ ਜ਼ਮੀਨ ਨਾ ਦੇਣ ਕਰਕੇ ਜ਼ਰੂਰ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਅੜਚਨ ਆਈ ਹੈ ਪਰ ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਕਿਸਾਨਾਂ ਨੂੰ ਇਹ ਦੱਸਿਆ ਜਾਵੇ ਕਿ ਹਾਈਵੇ ਪ੍ਰੋਜੈਕਟ ਬਣਨ ਦੇ ਨਾਲ ਉਹਨਾਂ ਦੀ ਜ਼ਮੀਨ ਦੀ ਵੈਲਿਊ ਹੋਰ ਵੱਧ ਜਾਵੇਗੀ ਅਤੇ ਇਲਾਕੇ ਦਾ ਵਿਕਾਸ ਹੋਵੇਗਾ।
ਬੰਦ ਨਹੀਂ ਹੋਣ ਦੇਵਾਂਗੇ ਪ੍ਰੋਜੈਕਟ:ਰਾਜਾ ਵੜਿੰਗ ਨੇ ਕਿਹਾ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਇਹ ਗੱਲ ਸਮਝਾਣੀ ਹੋਵੇਗੀ ਤਾਂ ਹੀ ਇਹ ਪ੍ਰੋਜੈਕਟ ਪੂਰੇ ਹੋ ਸਕਣਗੇ। ਇਸ ਕਰਕੇ ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਜ਼ਰੂਰ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਿਸ ਕਿਸੇ ਕੋਲ ਵੀ ਜਾਣਾ ਹੋਵੇਗਾ, ਉਹ ਜਾ ਕੇ ਖੁਦ ਗੱਲ ਕਰਨਗੇ ਪਰ ਇਹ ਪ੍ਰੋਜੈਕਟ ਜੋ ਲੁਧਿਆਣਾ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਚੱਲ ਰਹੇ ਹਨ। ਜਿੰਨਾਂ 'ਤੇ ਕਿਸੇ ਵੀ ਕਿਸਮ ਦੀ ਰੋਕ ਲੱਗ ਰਹੀ ਹੈ, ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ।
ਸੜਕਾਂ ਦਾ ਜਾਲ ਨਹੀਂ ਕਿਸਾਨ ਜ਼ਰੂਰੀ: ਹਾਲਾਂਕਿ ਦੂਜੇ ਪਾਸੇ ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਕਿ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਸੂਬਾ ਸਰਕਾਰ 'ਤੇ ਇਲਜ਼ਾਮ ਲਗਾ ਰਹੇ ਹਨ, ਕਿ ਉਹ ਕਿਸਾਨਾਂ ਤੋਂ ਜ਼ਮੀਨ ਐਕੁਾਇਰ ਕਰਨ ਦੇ ਵਿੱਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਲਈ ਕਿਸਾਨ ਜ਼ਰੂਰੀ ਹਨ, ਸਾਡੇ ਲਈ ਸੜਕਾਂ ਦਾ ਜਾਲ ਜ਼ਰੂਰੀ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਅੰਨਦਾਤਾ ਹੈ। ਉਹਨਾਂ ਕਿਹਾ ਕਿ ਕਿਸਾਨ ਜੇਕਰ ਆਪਣੀਆਂ ਜਮੀਨਾਂ ਹੀ ਸਾਰੀਆਂ ਵੇਚ ਦੇਣਗੇ ਤਾਂ ਉਹ ਕੀ ਖੇਤੀ ਪਾਕਿਸਤਾਨ ਜਾ ਕੇ ਕਰਨਗੇ।
ਕਿਸੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ:ਉਨ੍ਹਾਂ ਸਿੱਧੇ ਤੌਰ 'ਤੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਪਰ ਉਹਨਾਂ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ ਜੋ ਪ੍ਰੋਜੈਕਟ ਪਾਸ ਹੋ ਚੁੱਕੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਪਰ ਅਸੀਂ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦੇਵਾਂਗੇ। ਵਿਧਾਇਕ ਗੋਗੀ ਨੇ ਸਿੱਧੇ ਤੌਰ 'ਤੇ ਕਿਹਾ ਕਿ ਭਾਜਪਾ ਦੀ ਸਰਕਾਰ ਪੰਜਾਬ ਦੇ ਵਿਰੋਧੀ ਹੈ, ਉਹ ਪੰਜਾਬ ਨੂੰ ਮੁਲਕ ਤੋਂ ਵੱਖਰਾ ਹੀ ਸਮਝ ਰਹੀ ਹੈ। ਜਿਸ ਤਰ੍ਹਾਂ ਦੇ ਸਲੂਕ ਪੰਜਾਬ ਦੇ ਨਾਲ ਕੀਤੇ ਜਾ ਰਹੇ ਹਨ, ਇਹ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਗੱਲ ਵੀ ਸਹੀ ਹੈ, ਉਹਨਾਂ ਨੂੰ ਜ਼ਮੀਨ ਦਾ ਮੁੱਲ ਘੱਟ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਕਿਸਾਨਾਂ ਨੇ ਜਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ।