ਮਾਨਸਾ:ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਮਾਨਸਾ ਬੁਢਲਾਡਾ ਅਤੇ ਸਰਦੂਲਗੜ੍ਹ ਸਬ ਡਿਵੀਜ਼ਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸ਼ਾਂਤੀ ਬਹਾਲ ਰੱਖਣ ਦੇ ਲਈ ਫਲੈਗ ਮਾਰਚ ਕੀਤੇ ਗਏ। ਮਾਨਸਾ ਵਿਖੇ ਵੀ ਸ਼ਾਂਤਮਈ ਮਾਹੌਲ ਬਰਕਰਾਰ ਰੱਖਣ ਲਈ ਡੀਐਸਪੀ ਬੂਟਾ ਸਿੰਘ ਗਿੱਲ ਦੀ ਅਗਵਾਈ 'ਚ ਫਲੈਗ ਮਾਰਚ ਕੀਤਾ ਗਿਆ। ਇਸ ਦੌਰਾਨ ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਪੁਲਿਸ ਦਾ ਫਲੈਗ ਮਾਰਚ (ETV BHARAT (ਮਾਨਸਾ, ਪੱਤਰਕਾਰ)) ਪੰਚਾਇਤੀ ਚੋਣਾਂ ਦੇ ਚੱਲਦੇ ਫਲੈਗ ਮਾਰਚ
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸ਼ਾਂਤੀ ਬਹਾਲ ਰੱਖਣ ਦੇ ਲਈ ਸੂਬੇ ਭਰ 'ਚ ਫਲੈਗ ਮਾਰਚ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਮਾਨਸਾ ਵਿਖੇ ਐਸਐਸ ਪੀ. ਭਗੀਰਥ ਸਿੰਘ ਮੀਨਾ ਦੀ ਅਗਵਾਈ 'ਚ ਸਬ ਡਿਵੀਜ਼ਨ ਸਰਦੂਲਗੜ੍ਹ, ਸਬ ਡਿਵੀਜ਼ਨ ਬੁਢਲਾਡਾ ਅਤੇ ਮਾਨਸਾ ਵਿਖੇ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਗਏ।
ਸੂਬੇ 'ਚ ਅਮਨ-ਸ਼ਾਂਤੀ ਦੀ ਸਥਿਤੀ
ਇਸ ਦੌਰਾਨ ਫਲੈਗ ਮਾਰਚ ਦੀ ਅਗਵਾਈ ਕਰ ਰਹੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਫਲੈਗ ਮਾਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਨੂੰ ਸ਼ਾਂਤੀਪੂਰਵਕ ਸੰਪੰਨ ਕਰਵਾਉਣ ਦੇ ਲਈ ਅਤੇ ਲੋਕਾਂ ਨੂੰ ਡਰ, ਭੈਅ ਤੋਂ ਮੁਕਤ ਕਰਨ ਦੇ ਲਈ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।
ਪਿੰਡਾਂ ਵਿੱਚ ਵੀ ਪੁਲਿਸ ਦਾ ਫਲੈਗ ਮਾਰਚ
ਇਸ ਦੌਰਾਨ ਡੀਐਸਪੀ ਨੇ ਇਹ ਵੀ ਦੱਸਿਆ ਕਿ ਮਾਨਸਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਅੱਜ ਪੰਜ ਥਾਣਿਆਂ ਦੀ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਮਨ ਵਿੱਚ ਹੋਵੇਗਾ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਉਹ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤਬਾਜੀ ਕਰਨ ਦੀ ਸੋਚ ਰਹੇ ਹਨ, ਤਾਂ ਉਹ ਆਪਣੇ ਇਸ ਵਹਿਮ ਨੂੰ ਦੂਰ ਕਰ ਦੇਣ, ਕਿਉਂਕਿ ਪੰਜਾਬ ਪੁਲਿਸ ਅਜਿਹੇ ਲੋਕਾਂ ਨੂੰ ਸ਼ਾਂਤੀ ਭੰਗ ਨਹੀਂ ਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਸ਼ਾਂਤੀ ਪੂਰਵਕ ਸੰਪੰਨ ਕਰਵਾਉਣ ਦੇ ਲਈ ਪੰਜਾਬ ਪੁਲਿਸ ਵਚਨਬੱਧ ਹੈ।