ਲਕਸ਼ ਨੇ ਪੰਜਾਬ ਦਾ ਨਾਂ ਕੀਤਾ ਰੋਸ਼ਨ (ETV BHARAT) ਲੁਧਿਆਣਾ: ਲੁਧਿਆਣਾ ਦਾ ਲਕਸ਼ ਸ਼ਰਮਾ ਇੰਨੀ ਦਿਨੀਂ ਚਰਚਾ ਦੇ ਵਿੱਚ ਹੈ। ਜਿਸ ਨੇ 15 ਤੋਂ 17 ਅਗਸਤ ਦੌਰਾਨ ਜ਼ੀਰਕਪੁਰ ਦੇ ਵਿੱਚ ਹੋਈ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਸ ਨੇ ਪਹਿਲੇ ਸੈਮੀਫਾਈਨਲ ਦੇ ਵਿੱਚ ਜਲੰਧਰ ਦੇ ਖਿਡਾਰੀ ਨੂੰ ਮਾਤ ਦਿੱਤੀ, ਉਸ ਤੋਂ ਬਾਅਦ ਫਾਈਨਲ ਦੇ ਵਿੱਚ ਪਟਿਆਲਾ ਦੇ ਖਿਡਾਰੀ ਨੂੰ ਮਾਤ ਦੇ ਕੇ ਉਸ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਵੀ ਇਹ ਟੂਰਨਾਮੈਂਟ ਉਹ 16 ਸਾਲ ਦੀ ਉਮਰ ਦੇ ਵਿੱਚ ਜਿੱਤ ਚੁੱਕਿਆ ਹੈ। ਇੰਨਾਂ ਹੀ ਨਹੀਂ ਗੁਹਾਟੀ ਦੇ ਵਿੱਚ ਖੇਡੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਵਿੱਚ ਵੀ ਉਸ ਨੇ ਗੋਲਡ ਮੈਡਲ ਹਾਸਿਲ ਕੀਤਾ ਸੀ। ਲਕਸ਼ ਕਜਾਕਿਸਤਾਨ ਇੰਟਰਨੈਸ਼ਨਲ ਸੀਰੀਜ਼ ਟੂਰਨਾਮੈਂਟ ਦੇ ਵਿੱਚ ਸਿਲਵਰ ਮੈਡਲ ਹਾਸਿਲ ਕਰ ਚੁੱਕਾ ਹੈ। ਉਹ ਉੱਤਰ ਭਾਰਤ ਦਾ ਅਜਿਹਾ ਪਹਿਲਾ ਖਿਡਾਰੀ ਬਣਿਆ ਹੈ ਜਿਸ ਨੂੰ ਪੰਜਾਬ ਪੁਰਸ਼ ਟੀਮ ਸਿੰਗਲਸ ਦੇ ਵਿੱਚ ਚੁਣਿਆ ਗਿਆ ਹੈ।
ਖੇਡਾਂ ਨਾਲ ਪੜ੍ਹਾਈ 'ਚ ਵੀ ਅੱਵਲ:ਲਕਸ਼ ਸ਼ਰਮਾ ਖੇਡਾਂ ਦੇ ਨਾਲ-ਨਾਲ ਪੜ੍ਹਾਈ ਦੇ ਵਿੱਚ ਵੀ ਅਵਲ ਆਉਂਦਾ ਹੈ। ਬਾਰ੍ਹਵੀਂ ਜਮਾਤ ਦੇ ਵਿੱਚ ਉਸ ਨੇ 95 ਫੀਸਦੀ ਅੰਕ ਲਏ ਅਤੇ ਹੁਣ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਗ੍ਰੈਜੂਏਟ ਦੂਜੇ ਸਾਲ ਦਾ ਵਿਦਿਆਰਥੀ ਹੈ ਅਤੇ ਉੱਥੇ ਵੀ ਉਹ ਇੰਟਰ ਯੂਨੀਵਰਸਿਟੀ ਬੈਡਮਿੰਟਨ ਖੇਡਦਾ ਹੈ। ਉਸ ਦੇ ਪਿਤਾ ਮੰਗਤ ਰਾਏ ਸ਼ਰਮਾ ਖੁਦ ਭਾਰਤੀ ਟੀਮ ਦੇ ਕੋਚ ਰਹਿ ਚੁੱਕੇ ਹਨ। ਉਹ ਖੁਦ ਵੀ ਅੰਤਰਰਾਸ਼ਟਰੀ ਖਿਡਾਰੀ ਹਨ। ਮੰਗਤ ਰਾਏ ਸ਼ਰਮਾ ਨੇ ਹੀ ਆਪਣੇ ਬੇਟੇ ਨੂੰ ਸਿਖਲਾਈ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਉਹ ਸੱਤ ਸਾਲ ਦਾ ਸੀ ਉਦੋਂ 10 ਸਾਲ ਦੇ ਖਿਡਾਰੀਆਂ ਨੂੰ ਹਰਾਉਂਦਾ ਸੀ ਅਤੇ ਜਦੋਂ ਹੁਣ 12 ਸਾਲ ਦਾ ਹੋਇਆ ਤਾਂ 17 ਸਾਲ ਦੇ ਖਿਡਾਰੀਆਂ ਨੂੰ ਉਸ ਨੇ ਹਰਾ ਕੇ ਕੀਰਤੀਮਾਨ ਸਥਾਪਿਤ ਕੀਤੇ ਹਨ। ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਖੇਡ ਚੁੱਕਾ ਹੈ।
ਓਲੰਪਿਕ ਜਾਣ ਲਈ ਤਿਆਰੀ: ਲਕਸ਼ ਓਲੰਪਿਕ ਜਾਣ ਲਈ ਵੀ ਲਗਾਤਾਰ ਪ੍ਰੈਕਟਿਸ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਉਹ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਪ੍ਰੈਕਟਿਸ ਕਰਦਾ ਹੈ। ਉਸ ਦੇ ਪਿਤਾ ਹੀ ਉਸਦੇ ਕੋਚ ਹਨ, ਇਸ ਕਰਕੇ ਉਸ ਨੂੰ 24 ਘੰਟੇ ਲਈ ਕੋਚ ਮਿਲਿਆ ਹੋਇਆ ਹੈ। ਉਹਨਾਂ ਕਿਹਾ ਕਿ ਓਲੰਪਿਕ ਜਾਣ ਦੇ ਲਈ ਕੌਮਾਂਤਰੀ ਟੂਰਨਾਮੈਂਟ ਖੇਡਣੇ ਪੈਂਦੇ ਹਨ ਅਤੇ ਉਹਨਾਂ ਦੇ ਵਿੱਚ ਰੈਂਕਿੰਗ ਵਧਾਉਣੀ ਪੈਂਦੀ ਹੈ। ਇਸ ਕਰਕੇ ਉਹ ਆਪਣੇ ਖਰਚੇ 'ਤੇ ਵਿਦੇਸ਼ਾਂ ਵਿੱਚ ਜਾ ਕੇ ਖੇਡਦਾ ਹੈ ਤਾਂ ਕਿ ਉਸ ਦੀ ਰੈਂਕਿੰਗ ਦੇ ਵਿੱਚ ਸੁਧਾਰ ਆ ਸਕੇ ਅਤੇ ਉਹ ਕੌਮਾਂਤਰੀ ਟੂਰਨਾਮੈਂਟ ਖੇਡ ਸਕੇ। ਉਨ੍ਹਾਂ ਦੱਸਿਆ ਕਿ ਇਹ ਸਾਰਾ ਖਰਚਾ ਉਹਨਾਂ ਨੂੰ ਖੁਦ ਹੀ ਕਰਨਾ ਪੈਂਦਾ ਹੈ। ਉਸ ਦੇ ਪਿਤਾ ਨੇ ਕਿਹਾ ਕਿ ਬੈਡਮਿੰਟਨ ਬਹੁਤ ਮਹਿੰਗੀ ਖੇਡ ਹੈ। 1000 ਰੁਪਏ ਤੋਂ ਵੱਧ ਦੀ ਉਹ ਰੋਜ਼ਾਨਾ ਦੀਆਂ ਸ਼ਟਲ ਤੋੜ ਦਿੰਦਾ ਹੈ। ਚੰਗਾ ਖਿਡਾਰੀ ਬਣਾਉਣ ਲਈ ਹਾਰਡ ਪ੍ਰੈਕਟਿਸ ਕਰਨੀ ਪੈਂਦੀ ਹੈ, ਉਸ ਲਈ ਵਿਦੇਸ਼ਾਂ ਵਿੱਚ ਖੇਡਣ ਜਾਣਾ ਪੈਂਦਾ ਹੈ।
ਬੈਡਮਿੰਟਨ ਐਸੋਸੀਏਸ਼ਨ ਦੀ ਬੇਰੁਖੀ:ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਬੈਡਮਿੰਟਨ ਕੋਰਟ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਲਕਸ਼ ਉੱਥੇ ਸਿਖਲਾਈ ਲੈਣ ਲਈ ਨਹੀਂ ਜਾ ਸਕਦਾ ਕਿਉਂਕਿ ਜੇਕਰ ਉੱਥੇ ਉਸ ਨੂੰ ਸਿਖਲਾਈ ਲੈਣੀ ਹੈ ਤਾਂ ਸਟੇਡੀਅਮ ਦੇ ਵਿੱਚ ਹੀ ਸਿਖਾਉਣ ਵਾਲੇ ਕੋਚ ਤੋਂ ਸਿਖਲਾਈ ਲੈਣੀ ਪਵੇਗੀ। ਜਿਸ ਨੂੰ ਲੈ ਕੇ ਉਸ ਦੇ ਪਿਤਾ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੇ ਕੋਚ ਦਾ ਪੱਧਰ ਜ਼ਿਲ੍ਹਾ ਪੱਧਰ ਤੋਂ ਜਾਂ ਫਿਰ ਸਟੇਟ ਪੱਧਰ ਤੋਂ ਉੱਚਾ ਨਾ ਹੋਵੇ ਤਾਂ ਫਿਰ ਕੌਮਾਂਤਰੀ ਟੂਰਨਾਮੈਂਟ ਜਾਂ ਫਿਰ ਇੰਟਰਨੈਸ਼ਨਲ ਟੂਰਨਾਮੈਂਟ ਕੋਈ ਕਿਵੇਂ ਖੇਡ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬਣਾਇਆ ਗਿਆ ਸਟੇਡੀਅਮ ਸਾਰਿਆਂ ਦਾ ਸਾਂਝਾ ਹੈ, ਇਸ ਕਰਕੇ ਕਿਸੇ ਨੂੰ ਉੱਥੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਲੁਧਿਆਣਾ ਬੈਡਮਿੰਟਨ ਐਸੋਸੀਏਸ਼ਨ ਉਸ ਨੂੰ ਉੱਥੇ ਖੇਡਣ ਨਹੀਂ ਦਿੰਦੀ। ਉਹਨਾ ਕਿਹਾ ਕਿ ਇੰਨੇ ਮੈਡਲ ਹਾਸਿਲ ਕਰਨ ਦੇ ਬਾਵਜੂਦ ਵੀ ਅੱਜ ਤੱਕ ਉਹਨਾਂ ਦੇ ਬੇਟੇ ਨੂੰ ਕਿਸੇ ਵੀ ਸਰਕਾਰ ਜਾਂ ਫਿਰ ਕਿਸੇ ਵੀ ਸਰਕਾਰ ਦੇ ਆਗੂ ਦੀ ਸ਼ਲਾਘਾ ਨਹੀਂ ਮਿਲੀ ਹੈ। ਉਹਨਾ ਆਖਿਆ ਕਿ ਉਹ ਖੁਦ ਦੇ ਸਿਰ 'ਤੇ ਹੀ ਸਾਰਾ ਕੁਝ ਕਰ ਰਹੇ ਹਨ। ਇੱਕ ਆਮ ਘਰ ਤੋ ਸਬੰਧਿਤ ਹਨ ਤੇ ਇਸ ਦੇ ਬਾਵਜੂਦ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਬੇਟੇ ਨੂੰ ਬੁਲੰਦੀਆਂ 'ਤੇ ਲਿਜਾ ਸਕਣ।