ਜਦੋਂ ਬੱਚੇ ਜਵਾਨ ਹੰਦੇ ਨੇ ਤਾਂ ਮਾਪਿਆਂ ਨੂੰ ਅਕਸਰ ਉਨ੍ਹਾਂ ਨੇ ਚੰਗੇ ਰਿਸ਼ਤਿਆਂ ਦਾ ਫ਼ਿਕਰ ਪੈ ਜਾਂਦਾ ਹੈ ਪਰ ਪਿੰਡ ਵਲੀਪੁਰ ਕਲਾਂ 'ਚ ਤਾਂ ਹੁਣ ਲੋਕ ਆਪਣੇ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਕਰਨ ਲਈ ਤਿਆਰ ਹੀ ਨਹੀਂ ਕਿਉਂਕਿ ਲੋਕ ਆਪਣੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਨਹੀਂ ਚਾਹੁੰਦੇ। ਦਰਅਸਲ ਲੁਧਿਆਣਾ ਦਾ ਬੁੱਢਾ ਨਾਲਾ ਅੱਗੇ ਜਾ ਕੇ ਪਿੰਡ ਵਲੀਪੁਰ ਕਲਾਂ ਕੋਲ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਇਸੇ ਦਰਿਆ ਦੀਆਂ ਦੋ ਤਸਵੀਰਾਂ ਇੱਕ ਸਾਫ਼ ਪਾਣੀ ਅਤੇ ਦੂਜੇ ਪਾਸੇ ਗੰਦਾ ਪਾਣੀ ਦੀਆਂ ਤੁਹਾਡੇ ਸਾਹਮਣੇ ਹਨ।
ਕੀ ਤੁਸੀਂ ਜਾਣਦੇ ਹੋ ਪੰਜਾਬ ਦੇ ਅਜਿਹੇ ਪਿੰਡ ਬਾਰੇ ਜਿੱਥੇ ਲੋਕ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਨਹੀਂ ਕਰਨਾ ਚਾਹੁੰਦੇ (ETV Bharat ( ਲੁਧਿਆਣਾ, ਪੱਤਰਕਾਰ)) ਬੁੱਢੇ ਨਾਲੇ ਦੀ ਦਾਸਤਾਨ
ਪਿੰਡ ਵਲੀਪੁਰ ਕਲਾਂ ਵਿੱਚ ਸਤਲੁਜ ਦਰਿਆ ਵਿੱਚ ਮਿਲਣ ਵਾਲਾ ਬੁੱਢਾ ਨਾਲਾ ਉਸ ਦੇ ਪਾਣੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਢਾ ਨਾਲਾ ਜੋ ਕਿ ਕੁੰਮ ਕਲਾਂ ਤੋਂ ਇੱਕ ਡਰੇਨ ਵਜੋਂ ਨਿਕਲਦਾ ਹੈ ਪਰ ਅੱਗੇ ਜਾ ਕੇ ਜਦੋਂ ਇਹ ਤਾਜਪੁਰ ਰੋਡ ਦੇ ਨੇੜੇ ਆਉਂਦਾ ਤਾਂ ਇੰਡਸਟਰੀ ਦਾ ਪ੍ਰਦੂਸ਼ਿਤ ਪਾਣੀ, ਸ਼ਹਿਰ ਦੇ ਸੀਵਰੇਜ ਦੇ ਨਾਲ- ਨਾਲ ਡਾਇਰੀਆਂ ਦਾ ਰਹਿੰਦ ਖੂੰਹਦ ਬੁੱਢੇ ਨਾਲੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ। ਬੁੱਢੇ ਨਾਲੇ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ ਜੋ ਕਿ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਦੀ ਸਿਹਤ ਲਈ ਵੀ ਬੇਹੱਦ ਹਾਨੀਕਾਰਕ ਹਨ।
ਬੁੱਢੇ ਨਾਲ ਦੀ ਦਾਸਤਾਨ (ETV Bharat ( ਲੁਧਿਆਣਾ, ਪੱਤਰਕਾਰ)) ਲੋਕ ਬਿਮਾਰੀਆਂ ਦੇ ਸ਼ਿਕਾਰ
ਦੱਸ ਦੇਈਏ ਕਿ ਇਹੀ ਸਤਲੁਜ ਦਰਿਆ ਅੱਗੇ ਹਰੀਕੇ ਪੱਤਣ ਹੁੰਦਾ ਹੋਇਆ ਰਾਜਸਥਾਨ ਪਹੁੰਚਦਾ। ਜਿੱਥੇ ਲੋਕ ਅੱਜ ਵੀ ਇਸ ਪਾਣੀ ਦੀ ਵਰਤੋਂ ਘਰੇਲੂ ਕੰਮਾਂ ਲਈ ਕਰਦੇ ਹਨ। ਇਸੇ ਕਾਰਨ ਇਸ ਬੈਲਟ 'ਚ ਕੈਂਸਰ, ਚਮੜੀ ਦੇ ਰੋਗ ਅਤੇ ਕਾਲਾ ਪੀਲੀਆ ਦੇ ਮਰੀਜ਼ਾਂ ਦੀ ਲਗਾਤਾਰ ਤਾਦਾਦ ਵੱਧ ਰਹੀ ਹੈ। ਛੋਟੇ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਹਨ। ਸਾਡੀ ਟੀਮ ਵੱਲੋਂ ਉਸ ਥਾਂ ਦਾ ਜਾਇਜ਼ਾ ਲਿਆ ਗਿਆ, ਜਿੱਥੇ ਬੁੱਢਾ ਨਾਲਾ ਸਤਲੁਜ ਦਰਿਆ ਵਿੱਚ ਮਿਲਦਾ ਜਿੱਥੇ ਜਾ ਕੇ ਸਮਾਜ ਸੇਵੀਆਂ ਨੇ ਲਾਈਵ ਹੋ ਕੇ ਬੁੱਢੇ ਨਾਲੇ ਖਿਲਾਫ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ। ਲੱਖਾਂ ਸਿਧਾਣਾ, ਆਮੀਤੋਜ ਮਾਨ ਸਣੇ ਵਾਤਾਵਰਨ ਪ੍ਰੇਮੀ ਇਸ ਥਾਂ 'ਤੇ ਜਾ ਕੇ ਲਾਈਵ ਹੋਏ ਸਨ।
ਪਿੰਡ ਵਾਸੀਆਂ ਦੀ ਅਪੀਲ
ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਉਹ ਹੁਣ ਮਜ਼ਬੂਰ ਹੋ ਚੁੱਕੇ ਨੇ ਅਤੇ ਉਹਨਾਂ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ ਕਿਉਂਕਿ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਪਰ ਅੱਜ ਤੱਕ ਭਰੋਸੇ ਤੋਂ ਬਿਨ੍ਹਾਂ ਕੁਝ ਨਹੀਂ ਬਦਲਿਆ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਲੋਕ ਇੱਥੇ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਨੇ। ਦੁੱਖੀ ਹੋਏ ਲੋਕਾਂ ਨੇ ਆਖਿਆ ਕਿ "ਸਰਕਾਰ ਚਾਹੇ ਉਹਨਾਂ ਨੂੰ ਸਿੱਧਾ ਹੀ ਜ਼ਹਿਰ ਦੇ ਕੇ ਮਾਰ ਦਵੇ ਕਿਉਂਕਿ ਇੱਕ ਨਾ ਇੱਕ ਦਿਨ ਇਹਨਾਂ ਬਿਮਾਰੀਆਂ ਦੇ ਨਾਲ ਵੀ ਉਹਨਾਂ ਨੇ ਮਰ ਹੀ ਜਾਣਾ ਹੈ"।
ਬੁੱਢੇ ਨਾਲ ਦੀ ਦਾਸਤਾਨ (ETV Bharat ( ਲੁਧਿਆਣਾ, ਪੱਤਰਕਾਰ)) ਇਸ ਦੇ ਨਾਲ ਹੀ ਲੋਕਾਂ ਨੇ ਸਮਾਜ ਸੇਵੀਆਂ ਦਾ ਅਤੇ ਵਾਤਾਵਰਨ ਪ੍ਰੇਮੀ ਦਾ ਧੰਨਵਾਦ ਵੀ ਕੀਤਾ ।ਜਿੰਨਾਂ ਵੱਲੋਂ ਇਸ ਸਮੱਸਿਆ ਦਾ ਮੁੱਦਾ ਚੁੱਕਿਆ ਗਿਆ ਅਤੇ ਧਰਨੇ ਪ੍ਰਦਰਸ਼ਨ ਕਰ ਪ੍ਰਸਾਸ਼ਨ ਅਤੇ ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਲਈ ਆਖਿਆ ਗਿਆ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਸਰਕਾਰ ਅਤੇ ਪ੍ਰਸਾਸ਼ਨ ਕਿੰਨੇ ਕੁ ਗੰਭੀਰ ਨੇ ਅਤੇ ਕਦੋਂ ਇਸ ਦਾ ਹੱਲ ਨਿਕਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।