ਪੰਜਾਬ

punjab

ETV Bharat / state

ਲੋਕ ਸਭਾ ਚੋਣਾਂ 2024 'ਚ ਪੰਜਾਬ ਅੰਦਰ ਦਲ ਬਦਲੂ ਰਹੇ ਸਿਆਸੀ ਪਾਰਟੀਆਂ 'ਤੇ ਭਾਰੂ ! - Lok Sabha Elections - LOK SABHA ELECTIONS

ਲੋਕ ਸਭਾ ਚੋਣਾਂ 2024 'ਚ ਪੰਜਾਬ ਅੰਦਰ ਦਲ ਬਦਲੂ ਸਿਆਸੀ ਪਾਰਟੀਆਂ ਤੇ ਭਾਰੂ ਰਹੇ। ਟਿਕਟ ਨਾ ਮਿਲਣ ਤੋਂ ਨਾਰਾਜ਼ ਦਲ ਬਦਲੀਆਂ ਕਰਨ ਵਾਲੇ ਸਿਆਸੀ ਆਗੂਆਂ ਦੀ ਪੰਜਾਬ ਚ ਵੱਡੀ ਸੂਚੀ ਬਣ ਗਈ ਹੈ। ਇਸ ਦੌਰਾਨ ਕਈਆਂ ਨੇ ਛੱਡੀ ਮਾਂ ਪਾਰਟੀ ਤਾਂ ਕਈਆਂ ਦੀ ਹੋਈ ਘਰ ਵਾਪਸੀ। ਵੇਖੋ ਇਹ ਰਿਪੋਰਟ...

ਸਿਆਸਤ 'ਚ ਦਲ ਬਦਲੂ ਭਾਰੀ
ਸਿਆਸਤ 'ਚ ਦਲ ਬਦਲੂ ਭਾਰੀ (ETV BHARAT)

By ETV Bharat Punjabi Team

Published : May 11, 2024, 5:07 PM IST

ਸਿਆਸਤ 'ਚ ਦਲ ਬਦਲੂ ਭਾਰੀ (ETV BHARAT)

ਲੁਧਿਆਣਾ:2024 ਦੀਆਂ ਲੋਕ ਸਭਾ ਚੋਣਾਂ ਦੇ ਤਹਿਤ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਅਤੇ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਹੁਣ ਉਹ ਆਗੂ ਘਰ ਵਾਪਸੀ ਕਰ ਰਹੇ ਹਨ, ਜਿਨ੍ਹਾਂ ਨੂੰ ਦੂਜੀ ਪਾਰਟੀ ਤੋਂ ਟਿਕਟ ਦੀ ਉਮੀਦ ਸੀ ਪਰ ਟਿਕਟ ਕੱਟੇ ਜਾਣ ਤੋਂ ਬਾਅਦ ਹੁਣ ਮਾਂ ਪਾਰਟੀ ਦੇ ਵਿੱਚ ਵਾਪਸੀ ਚੱਲ ਰਹੀ ਹੈ।

ਜ਼ੋਰਾਂ 'ਤੇ ਦਲ ਬਦਲੀਆਂ ਦਾ ਸਿਲਸਿਲਾ:ਪੰਜਾਬ ਦੇ ਵਿੱਚ ਅਜਿਹੇ ਕਈ ਸਿਆਸੀ ਲੀਡਰ ਇਸ ਸੂਚੀ 'ਚ ਸ਼ਾਮਿਲ ਹੋਏ ਹਨ, ਜਿੰਨਾਂ ਨੇ ਜਾਂ ਤਾਂ ਟਿਕਟ ਨਾ ਮਿਲਣ ਕਰਕੇ ਆਪਣੀ ਪਾਰਟੀ ਛੱਡ ਦੂਜੀ ਪਾਰਟੀ ਦਾ ਪੱਲਾ ਫੜ ਲਿਆ ਜਾਂ ਫਿਰ ਪਹਿਲਾਂ ਤੋਂ ਹੀ ਦੂਜੀ ਪਾਰਟੀ 'ਚ ਜਾ ਚੁੱਕੇ ਆਗੂ ਜਿਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਉਹ ਮੁੜ ਆਪਣੀ ਪਾਰਟੀ ਦੇ ਵਿੱਚ ਵਾਪਿਸ ਆ ਗਏ। 2024 ਦੇ ਵਿੱਚ ਪੰਜਾਬ ਦੇ ਅੰਦਰ ਦਲ ਬਦਲੀਆਂ ਦਾ ਸਿਲਸਿਲਾ ਜ਼ੋਰਾਂ ਤੇ ਰਿਹਾ ਹੈ। ਦਲ ਬਦਲੀਆਂ ਪਹਿਲਾਂ ਹੇਠਲੇ ਪੱਧਰ ਦੇ ਵਰਕਰਾਂ 'ਚ, ਜ਼ਿਲ੍ਹਾ ਪੱਧਰੀ ਆਗੂਆਂ ਦੀ ਹੁੰਦੀ ਸੀ ਪਰ ਹੁਣ ਕੌਮੀ ਪੱਧਰ 'ਤੇ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ 2024 ਦੇ ਵਿੱਚ ਦਲ ਬਦਲੂ ਸਿਆਸੀ ਪਾਰਟੀਆਂ 'ਤੇ ਭਾਰੀ ਰਹੇ ਹਨ।

ਕਾਂਗਰਸ: ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਨਾਂ ਰਵਨੀਤ ਬਿੱਟੂ ਦਾ ਆਉਂਦਾ ਹੈ। ਜਿਨਾਂ ਨੇ ਤਿੰਨ ਵਾਰ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਬਣਨ ਦੇ ਬਾਵਜੂਦ ਪਾਰਟੀ ਛੱਡ ਦਿੱਤੀ ਅਤੇ ਭਾਜਪਾ ਦੇ ਵਿੱਚ ਜਾ ਕੇ ਸ਼ਾਮਿਲ ਹੋ ਗਏ। ਇਸ ਤੋਂ ਬਾਅਦ ਦਲਵੀਰ ਗੋਲਡੀ ਜਿੰਨਾਂ ਨੂੰ ਸੰਗਰੂਰ ਤੋਂ ਟਿਕਟ ਮਿਲਣ ਦੀ ਪੂਰੀ ਆਸ ਸੀ ਪਰ ਆਖਰੀ ਮੌਕੇ 'ਤੇ ਸੁਖਪਾਲ ਖਹਿਰਾ ਨੂੰ ਕਾਂਗਰਸ ਵੱਲੋਂ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਿਸ ਤੋਂ ਬਾਅਦ ਲਗਾਤਾਰ ਦਲਵੀਰ ਗੋਲਡੀ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ। ਆਖਿਰਕਾਰ ਉਹਨਾਂ ਨੇ ਭਗਵੰਤ ਮਾਨ ਦੀ ਰਹਿਨੁਮਾਈ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਹਾਲ ਹੀ ਦੇ ਵਿੱਚ ਜੱਸੀ ਖੰਗੂੜਾ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਗਏ ਅਤੇ ਫਿਰ ਟਿਕਟ ਨਾ ਮਿਲਣ ਕਰਕੇ ਮੁੜ ਉਹਨਾਂ ਦੀ ਘਰ ਵਾਪਸੀ ਹੋਈ ਅਤੇ ਉਹਨਾਂ ਨੇ ਕਾਂਗਰਸ ਦੇ ਵਿੱਚ ਵਾਪਸੀ ਦਾ ਫੈਸਲਾ ਲਿਆ। ਅੱਜ ਇਸ ਸਬੰਧੀ ਉਹਨਾਂ ਵੱਲੋਂ ਪ੍ਰੈਸ ਕਾਨਫਰਸ ਵੀ ਕੀਤੀ ਗਈ। ਦਲ ਬਦਲੀਆਂ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਬ੍ਰਹਮ ਮਹਿੰਦਰਾ ਨੇ ਕਿਹਾ ਕੇ ਜਿਹੜੇ ਚੋਣਾਂ ਦੇ ਵਿੱਚ ਇਸ ਤਰ੍ਹਾਂ ਦਲ ਬਦਲੀਆਂ ਕਰਦੇ ਹਨ, ਉਹ ਸਿਰਫ ਆਪਣੇ ਨਿੱਜੀ ਮੁਫਾਦ ਲਈ ਪਾਰਟੀਆਂ ਦੀ ਵਰਤੋਂ ਕਰਦੇ ਹਨ। ਉਹਨਾਂ ਨੂੰ ਸੇਵਾ ਨਹੀਂ ਕੁਰਸੀ ਅਤੇ ਸੱਤਾ ਦੀ ਲਾਲਸਾ ਹੁੰਦੀ ਹੈ।

ਸ਼੍ਰੋਮਣੀ ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਵੀ ਦਲ ਬਦਲੀਆਂ ਤੋਂ ਵਾਂਝੀ ਨਹੀਂ ਰਹੀ ਹੈ। ਜੇਕਰ ਗੱਲ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੁਰਾਣੇ ਟਕਸਾਲੀ ਆਗੂਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ। ਜਿਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਢੀਂਡਸਾ ਪਰਿਵਾਰ ਦੀ ਘਰ ਵਾਪਸੀ ਕਰਵਾਈ ਗਈ ਪਰ ਸੰਗਰੂਰ ਤੋਂ ਜਦੋਂ ਇਕਬਾਲ ਝੂੰਦਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਮੈਦਾਨ ਦੇ ਲਈ ਉਤਾਰਿਆ ਗਿਆ ਤਾਂ ਸੁਖਦੇਵ ਢੀਡਸਾ ਨੇ ਮੁੜ ਤੋਂ ਨਰਾਜ਼ਗੀ ਜਾਹਿਰ ਕੀਤੀ। ਇਸ ਦਾ ਖੁਲਾਸਾ ਸੁਖਬੀਰ ਬਾਦਲ ਖੁਦ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾ ਹੀ ਝੂੰਦਾ ਦੇ ਨਾਲ ਕਮਿਟਮੈਂਟ ਕੀਤੀ ਸੀ ਅਤੇ ਜਦੋਂ ਉਹ ਇੱਕ ਵਾਰੀ ਜੁਬਾਨ ਦੇ ਦੇਣ ਤਾਂ ਫਿਰ ਪਿੱਛੇ ਨਹੀਂ ਹਟਦੇ। ਉਹਨਾਂ ਕਿਹਾ ਕਿ ਸੁਖਦੇਵ ਢੀਂਡਸਾ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਬਿਨਾਂ ਸ਼ਰਤ ਅਕਾਲੀ ਦਲ 'ਚ ਆ ਰਹੇ ਹਨ, ਉਹ ਮੇਰੇ ਸੀਨੀਅਰ ਹਨ। ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਿੰਦਰ ਗਰੇਵਾਲ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸੀਨੀਅਰ ਅਤੇ ਸੁਲਝੇ ਹੋਏ ਲੀਡਰ ਨੇ, ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਦਾ ਫੈਸਲਾ ਨਹੀਂ ਲੈਣਗੇ। ਮਹੇਸ਼ਇੰਦਰ ਗਰੇਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਸਾਰੀ ਹੀ ਸਿਆਸੀ ਪਾਰਟੀਆਂ ਨੂੰ ਨਿਯਮ ਬਣਾ ਦੇਣਾ ਚਾਹੀਦਾ ਹੈ ਕਿ ਜੇਕਰ ਕੋਈ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਆਉਂਦਾ ਹੈ ਤਾਂ ਉਸ ਨੂੰ ਪੰਜ ਸਾਲ ਤੱਕ ਟਿਕਟ ਨਹੀਂ ਦੇਣੀ ਚਾਹੀਦੀ।

'ਆਪ' 'ਚ ਦਲ ਬਦਲੀਆਂ:ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਸੀ ਤੇ 92 ਵਿਧਾਇਕ ਜਿੱਤੇ ਸਨ ਪਰ ਇੰਨ੍ਹਾਂ ਵਿਧਾਇਕਾਂ ਦੀ ਗਿਣਤੀ 2024 ਦੇ ਵਿੱਚ ਘੱਟ ਕੇ 91 ਹੋ ਗਈ, ਕਿਉਂਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਪਾਰਟੀ ਨੂੰ ਅਲਵਿਦਾ ਕਹਿ ਕੇ ਬਿਨਾਂ ਸ਼ਰਤ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ। ਇੰਨਾਂ ਹੀ ਨਹੀਂ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਰਹੇ ਸੁਸ਼ੀਲ ਰਿੰਕੂ ਨੇ ਟਿਕਟ ਐਲਾਨੇ ਜਾਣ ਦੇ ਬਾਵਜੂਦ ਵੀ ਪਾਰਟੀ ਛੱਡ ਦਿੱਤੀ, ਭਾਜਪਾ ਦੇ ਵਿੱਚ ਸ਼ਾਮਿਲ ਹੋਏ ਅਤੇ ਭਾਜਪਾ ਦੀ ਟਿਕਟ ਲੈ ਕੇ ਹੁਣ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਚੋਣ ਲੜ ਰਹੇ ਹਨ।

ਭਾਜਪਾ: ਦਲ ਬਦਲੀਆਂ ਤੋਂ ਭਾਜਪਾ ਵੀ ਪਿੱਛੇ ਨਹੀਂ ਰਹੀ ਹੈ। ਭਾਜਪਾ ਦੇ ਵੀ ਕਈ ਲੀਡਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਛੱਡ ਕੇ ਹੋਰਨਾਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਏ ਹਨ। ਬੀਤੇ ਦਿਨੀ ਹੀ ਭਾਜਪਾ ਦੇ ਯੂਥ ਆਗੂ ਰੋਬਿਨ ਸਾਂਪਲਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਬ੍ਰਹਮ ਮਹਿੰਦਰਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਨੇ ਨਾਅਰਾ ਦਿੱਤਾ ਸੀ ਕਿ ਕਾਂਗਰਸ ਮੁਕਤ ਦੇਸ਼ ਹੋਵੇ ਪਰ ਭਾਜਪਾ ਖੁਦ ਕਾਂਗਰਸ ਯੁਕਤ ਹੋ ਗਈ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਪੁਰਾਣੇ ਟਕਸਾਲੀ ਲੀਡਰ, ਆਰਐਸਐਸ ਦੇ ਆਗੂ ਘਰਾਂ ਦੇ ਵਿੱਚ ਚੁੱਪਚਾਪ ਬੈਠੇ ਹਨ ਅਤੇ ਕਾਂਗਰਸ ਤੋਂ ਜਿੰਨੇ ਵੀ ਆਗੂ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਹਨ, ਹੁਣ ਉਹ ਹੀ ਆ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੀ ਨਹੀਂ ਬੈਠ ਰਿਹਾ ਹੈ।

ABOUT THE AUTHOR

...view details