ਪੰਜਾਬ

punjab

ETV Bharat / state

ਧਾਲੀਵਾਲ ਦੇ ਹੱਕ 'ਚ CM ਦਾ ਰੋਡ ਸ਼ੋਅ, ਮਾਨ ਬੋਲੇ- ਮਾਝੇ ਦੇ ਲੋਕਾਂ ਨੇ AAP ਨੂੰ ਜਿਤਾਉਣ ਦਾ ਮਨ ਬਣਾ ਲਿਆ - CM Bhagwant Mann held a road show

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹਨ ਤਾਂ ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੰਮ੍ਰਿਤਸਰ 'ਚ ਰੋਡ ਸ਼ੋਅ ਕੱਢਿਆ ਗਿਆ।

LOK SABHA ELECTIONS
ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ

By ETV Bharat Punjabi Team

Published : Apr 25, 2024, 10:42 PM IST

ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ

ਅੰਮ੍ਰਿਤਸਰ:ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ 'ਚ ਮਾਝਾ ਖੇਤਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮਾਝੇ ਦੇ ਲੋਕ ਜਦੋਂ ਕਿਸੇ ਚੀਜ਼ ਨੂੰ ਲੈ ਕੇ ਆਪਣਾ ਮਨ ਬਣਾ ਲੈਂਦੇ ਹਨ ਤਾਂ ਉਹ ਬਿਲਕੁਲ ਵੀ ਨਹੀਂ ਬਦਲਦੇ ਅਤੇ ਇਸ ਵਾਰ ਇੱਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ। ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ 'ਚ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ। ਇਸ ਲਈ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਤਾਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਪਹਿਲਾ ਰੁਝਾਨ ਇੱਥੋਂ ਹੀ ਆਉਣਾ ਚਾਹੀਦਾ ਹੈ।

ਧਾਲੀਵਾਲ ਬਹੁਤ ਹੀ ਤਜ਼ਰਬੇਕਾਰ ਆਗੂ:ਭਗਵੰਤ ਮਾਨ ਨੇ ਕੁਲਦੀਪ ਧਾਲੀਵਾਲ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਲੀਵਾਲ ਬਹੁਤ ਹੀ ਤਜ਼ਰਬੇਕਾਰ ਆਗੂ ਹਨ। ਉਨ੍ਹਾਂ ਕੋਲ ਵਿਧਾਨ ਸਭਾ ਦੇ ਕੰਮ ਅਤੇ ਮੰਤਰੀ ਦੇ ਅਹੁਦੇ ਦਾ ਤਜ਼ਰਬਾ ਹੈ। ਉਹ ਇਹ ਵੀ ਜਾਣਦੇ ਹਨ ਕਿ ਅਫ਼ਸਰਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਕੰਮ ਕਿਵੇਂ ਕਰਵਾਉਣਾ ਹੈ। ਇਨ੍ਹਾਂ ਨੂੰ ਜੇਤੂ ਬਣਾ ਕੇ ਐਮ.ਪੀ. ਬਣਾਓ। ਇਹਨਾਂ ਦਾ ਇਹ ਤਜ਼ਰਬਾ ਅੰਮ੍ਰਿਤਸਰ ਦੇ ਵਿਕਾਸ ਲਈ ਬੇਹੱਦ ਲਾਹੇਵੰਦ ਹੋਵੇਗਾ।

ਪੰਜਾਬ ਨੂੰ ਹਜ਼ਾਰਾਂ ਕਰੋੜਾਂ ਦਾ ਫ਼ਾਇਦਾ: ਉਨ੍ਹਾਂ ਕਿਹਾ ਕਿ ਕੁਲਦੀਪ ਧਾਲੀਵਾਲ ਨੇ ਪੰਜਾਬ ਸਰਕਾਰ ਵਿੱਚ ਪੰਚਾਇਤੀ ਰਾਜ ਮੰਤਰੀ ਰਹਿੰਦਿਆਂ ਬਹੁਤ ਹੀ ਸ਼ਾਨਦਾਰ ਕੰਮ ਕੀਤੇ ਹਨ। ਉਨ੍ਹਾਂ ਨੇ ਪੰਜਾਬ ਦੇ ਵੱਡੇ ਪ੍ਰਭਾਵਸ਼ਾਲੀ ਲੋਕਾਂ ਤੋਂ 10 ਹਜ਼ਾਰ ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਛਡਵਾਈ, ਜਿਸ ਕਾਰਨ ਪੰਜਾਬ ਨੂੰ ਹਜ਼ਾਰਾਂ ਕਰੋੜਾਂ ਦਾ ਫ਼ਾਇਦਾ ਹੋਇਆ।

400 ਪਾਰ ਦਾ ਨਾਅਰਾ ਹੁਣ ਬੰਦ: ਭਾਸ਼ਣ ਦੇ ਦੌਰਾਨ ਭਗਵੰਤ ਮਾਨ ਨੇ ਭਾਜਪਾ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਪਹਿਲੇ ਪੜਾਅ ਦੀ ਚੋਣ ਰਿਪੋਰਟ ਅਨੁਸਾਰ ਭਾਜਪਾ ਨੂੰ ਸਿਰਫ਼ 25 ਤੋਂ 30 ਸੀਟਾਂ ਹੀ ਆ ਰਹੀਆਂ ਹਨ। ਇਸ ਲਈ ਉਨ੍ਹਾਂ ਦਾ 400 ਪਾਰ ਦਾ ਨਾਅਰਾ ਹੁਣ ਬੰਦ ਹੋ ਗਿਆ ਹੈ, ਹੁਣ ਉਨ੍ਹਾਂ ਨੂੰ ਹਾਰ ਦਾ ਡਰ ਸਤਾਉਣ ਲੱਗ ਗਿਆ ਹੈ।

ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਚੋਣ: ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਸਿਰਫ਼ ਜਿੱਤ ਅਤੇ ਹਾਰ ਲਈ ਨਹੀਂ ਹੈ। ਇਹ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਚੋਣ ਹੈ। ਭਾਜਪਾ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਜੇਕਰ ਉਹ ਇਸ ਇਸ ਵਾਰ ਜਿੱਤ ਗਏ ਤਾਂ ਉਹ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਪੁਤੀਨ ਵਾਲੀ ਤਾਨਾਸ਼ਾਹੀ ਲਾਗੂ ਕਰ ਦੇਣਗੇ। ਉਹ ਭਾਰਤ ਦੇ ਸੰਵਿਧਾਨ ਨੂੰ ਬਦਲ ਕੇ ਅਜਿਹਾ ਕਨੂੰਨ ਬਣਾ ਲੈਣਗੇ, ਜਿਸ ਨਾਲ ਦੇਸ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਿਰਫ਼ ਮੋਦੀ ਹੀ ਸੱਤਾ ਵਿੱਚ ਰਹਿਣਗੇ। ਇਸ ਲਈ ਇਸ ਵਾਰ ਭਾਜਪਾ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ: ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲ-ਸੂਤਰ ਅਤੇ ਫ਼ਿਰਕੂ ਬਿਆਨਾਂ ਦੀ ਸਖ਼ਤ ਨਿੰਦਿਆ ਕੀਤੀ ਅਤੇ ਕਿਹਾ ਕਿ ਇਹ ਦੇਸ਼ ਲਈ ਬੇਹੱਦ ਸ਼ਰਮਨਾਕ ਵਾਲੀ ਗੱਲ ਹੈ ਕਿ 10 ਸਾਲ ਸ਼ਾਸਨ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਮੰਗਲ-ਸੂਤਰ ਦੇ ਨਾਮ ਉੱਤੇ ਵੋਟ ਮੰਗ ਰਹੇ ਹਨ।

ਨਾਗਰਿਕ ਸਹੂਲਤਾਵਾਂ ਦੇ ਨਾਮ ਉੱਤੇ ਵੋਟ: ਉਨ੍ਹਾਂ ਨੇ ਕਿਹਾ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਉਹ ਲੋਕਾਂ ਨੂੰ ਜਾਤੀ-ਧਰਮ ਦੇ ਨਾਮ ਉੱਤੇ ਲੜਾ ਕੇ ਵੋਟ ਲੈਣਾ ਚਾਹੁੰਦੀ ਹੈ। ਉੱਥੇ ਹੀ ਅਸੀਂ (ਆਮ ਆਦਮੀ ਪਾਰਟੀ) ਆਪਣੇ ਕੰਮ ਦੇ ਨਾਮ ਉੱਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ। ਅਸੀਂ ਸਰਕਾਰੀ ਸਕੂਲ, ਹਸਪਤਾਲ, ਦਵਾਈ, ਰੁਜ਼ਗਾਰ, ਬਿਜਲੀ, ਪਾਣੀ ਅਤੇ ਹੋਰ ਨਾਗਰਿਕ ਸਹੂਲਤਾਵਾਂ ਦੇ ਨਾਮ ਉੱਤੇ ਵੋਟ ਮੰਗ ਰਹੇ ਹਾਂ।

ਨਫ਼ਰਤ ਦੀ ਰਾਜਨੀਤੀ ਦਾ ਦੇਣਗੇ ਜਵਾਬ: ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਨਫ਼ਰਤ ਦੀ ਰਾਜਨੀਤੀ ਨੂੰ ਜਿੱਤਣ ਨਹੀਂ ਦੇਣਗੇ। ਇਸ ਵਾਰ ਲੋਕ ਆਪਣੇ ਵੋਟ ਦੀ ਤਾਕਤ ਨਾਲ ਭਾਜਪਾ ਦੀ ਨਫ਼ਰਤ ਦੀ ਰਾਜਨੀਤੀ ਦਾ ਠੋਕ ਕੇ ਜਵਾਬ ਦੇਣਗੇ ਅਤੇ ਭਾਜਪਾ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਉੱਤੇ ਜ਼ਮਾਨਤ ਜ਼ਬਤ ਕਰਾਉਣਗੇ।

ਅੰਮ੍ਰਿਤਸਰ ਦੀ ਜਨਤਾ ਨਿਰਾਸ਼ ਨਹੀਂ ਕਰੇਗੀ-ਧਾਲੀਵਾਲ: ਰੋਡ ਸ਼ੋਅ ਦੇ ਦੌਰਾਨ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਤ ਦਾ ਭਰੋਸਾ ਦਵਾਇਆ ਅਤੇ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗੀ। ਇੱਥੋਂ ਦੇ ਲੋਕ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਅਤੇ 'ਆਪ' ਨੂੰ ਪੰਜਾਬ 'ਚ 13-0 ਨਾਲ ਜਿਤਾਉਣ ਵਿਚ ਸਹਿਯੋਗ ਕਰਨਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਪ ਦੇ 13 ਦੇ 13 ਉਮੀਦਵਾਰਾਂ ਨੂੰ ਇੱਕ ਵਾਰ ਸੰਸਦ ਜਾਣ ਦਾ ਮੌਕਾ ਦਿਓ । ਅਸੀਂ ਸੰਸਦ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗੇ।

ABOUT THE AUTHOR

...view details