ਪੰਜਾਬ

punjab

ਲੋਕ ਸਭਾ ਚੋਣਾਂ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਂਤਮਈ ਚੋਣ ਅਮਲ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦ - Lok Sabha Elections

By ETV Bharat Punjabi Team

Published : Jun 1, 2024, 8:29 PM IST

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਦੇ ਚੱਲਦੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ਾਂਤਮਈ ਚੋਣ ਅਮਲ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਡਿਊਟੀ ਨਿਭਾਉਣ ਲਈ ਸਮੁੱਚੇ ਚੋਣ ਅਮਲੇ ਦਾ ਵੀ ਧੰਨਵਾਦ ਕੀਤਾ।

ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ
ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ (ETV BHARAT)

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟ ਦੇ ਜਮਹੂਰੀ ਹੱਕ ਦੀ ਵਰਤੋਂ ਲਈ ਚੋਣਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਸੂਬੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਬਾਵਜੂਦ ਵੋਟਰਾਂ ਵੱਲੋਂ ਵੋਟਿੰਗ ਪ੍ਰਕਿਰਿਆ 'ਚ ਦਿਖਾਇਆ ਗਿਆ ਉਤਸ਼ਾਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਚੋਣ ਪ੍ਰਕਿਰਿਆ 'ਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਵੱਲੋਂ ਉਨ੍ਹਾਂ ਵਿੱਚ ਜਤਾਏ ਗਏ ਭਰੋਸੇ ਦਾ ਮਾਣ ਰੱਖਿਆ ਹੈ।

ਲੀਡਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ: ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੋਣ ਪ੍ਰਕਿਰਿਆ ਵਿੱਚ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਚੋਣ ਅਫ਼ਸਰਾਂ-ਕਮ-ਡਿਪਟੀ ਕਮਿਸ਼ਨਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਚੋਣ ਪ੍ਰਕਿਰਿਆ ਦੇ ਸੁਚਾਰੂ ਪ੍ਰਬੰਧਨ ਅਤੇ ਨਿਗਰਾਨੀ ਨੂੰ ਯਕਨੀ ਬਣਾਇਆ। ਸਿਬਿਨ ਸੀ ਨੇ ਪੋਲਿੰਗ ਸਟੇਸ਼ਨਾਂ 'ਤੇ ਉਸਾਰੂ ਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰਾਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਪੰਜਾਬ ਪੁਲਿਸ ਦੇ ਸਮੂਹ ਕਰਮਚਾਰੀਆਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਦਾ ਵੀ ਧੰਨਵਾਦ ਕੀਤਾ, ਜੋ ਚੋਣਾਂ ਦੇ ਐਲਾਨ ਤੋਂ ਲੈ ਕੇ ਵੋਟਿੰਗ ਵਾਲੇ ਦਿਨ ਤੱਕ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਵਧੇਰੇ ਮਹੱਤਵਪੂਰਨ ਸੀ।

ਮਿਹਨਤ, ਵਚਨਬੱਧਤਾ ਅਤੇ ਸਮਰਪਣ ਦੀ ਪ੍ਰਸ਼ੰਸਾ: ਸਿਬਿਨ ਸੀ ਨੇ ਪੋਲਿੰਗ ਅਫ਼ਸਰਾਂ, ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਸਮੇਤ ਸਮੁੱਚੇ ਚੋਣ ਅਮਲੇ ਦੀ ਮਿਹਨਤ, ਵਚਨਬੱਧਤਾ ਅਤੇ ਸਮਰਪਣ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਦੌਰਾਨ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਸਦਕਾ ਸਮੁੱਚੀ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਢੰਗ ਨਾਲ ਮੁਕੰਮਲ ਹੋ ਗਈ ਹੈ।

ਲੋਕਤੰਤਰ ਦੀ ਅਸਲ ਭਾਵਨਾ:ਮੁੱਖ ਚੋਣ ਅਧਿਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਭਾਈਵਾਲਾਂ ਨੇ ਲੋਕਤੰਤਰ ਦੀ ਅਸਲ ਭਾਵਨਾ ਦਿਖਾਉਂਦਿਆਂ ਚੋਣ ਪ੍ਰਕਿਰਿਆ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਵਧ-ਚੜ੍ਹ ਕੇ ਸਹਿਯੋਗ ਦਿੱਤਾ ਅਤੇ ਸਮੁੱਚੇ ਚੋਣ ਅਮਲ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ।

ABOUT THE AUTHOR

...view details