ਖੰਨਾ 'ਚ ਆਪ ਅਤੇ ਸਮਰਾਲਾ 'ਚ ਕਾਂਗਰਸ ਵੱਡਾ ਇਕੱਠ ਕਰਕੇ ਲੋਕ ਸਭਾ ਚੋਣਾਂ ਦਾ ਵਜਾਉਣਗੇ ਬਿਗੁਲ ਲੁਧਿਆਣਾ:ਚੰਡੀਗੜ੍ਹ ਦੇ ਵਿੱਚ ਮੇਅਰ ਚੋਣ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੰਡੀਆ ਸਮਝੌਤੇ ਦੇ ਤਹਿਤ ਇਕੱਠੇ ਹੁੰਦੇ ਵਿਖਾਈ ਦਿੱਤੇ ਸੀ। ਉੱਥੇ ਹੀ ਪੰਜਾਬ ਦੇ ਵਿੱਚ ਦੋਵੇਂ ਹੀ ਪਾਰਟੀਆਂ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣਗੀਆਂ ਅਤੇ ਇਸ ਦੀ ਸ਼ੁਰੂਆਤ ਲੁਧਿਆਣਾ ਤੋਂ ਹੀ ਹੋਣ ਜਾ ਰਹੀ ਹੈ। ਦੱਸ ਦਈਏ ਕਿ 10 ਤਰੀਕ ਨੂੰ ਖੰਨਾ ਦੇ ਨੇੜੇ ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਹੋ ਰਿਹਾ ਹੈ, ਜਿਸ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਉਣਗੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਘਰ-ਘਰ ਤੱਕ ਰਾਸ਼ਨ ਪਹੁੰਚਾਉਣ ਵਾਲੀ ਸਕੀਮ ਦਾ ਐਲਾਨ ਕਰਨਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਇਹ ਸ਼ਕਤੀ ਪ੍ਰਦਰਸ਼ਨ ਹੋਵੇਗਾ, ਉਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਸਮਰਾਲਾ ਦੇ ਵਿੱਚ ਵੱਡੀ ਕਨਵੈਂਸ਼ਨ ਕੀਤੀ ਜਾ ਰਹੀ ਹੈ, ਜਿਸ ਵਿੱਚ 50 ਹਜ਼ਾਰ ਤੋਂ ਵੱਧ ਵਰਕਰਾਂ ਅਤੇ ਆਗੂਆਂ ਦੇ ਪਹੁੰਚਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਕਨਵੈਂਸ਼ਨ ਦੀ ਅਗਵਾਈ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਕਰਨਗੇ। ਲੋਕ ਸਭਾ ਚੋਣਾਂ ਲਈ ਦੋਵੇਂ ਪਾਰਟੀਆਂ ਦਾ ਇਹ ਬਿਗੁਲ ਮੰਨਿਆ ਜਾ ਰਿਹਾ ਹੈ ਅਤੇ ਦੋਵੇਂ ਹੀ ਪਾਰਟੀਆਂ ਇੱਕ ਵਾਰ ਮੁੜ ਤੋਂ ਮੰਚ ਤੋਂ ਆਹਮੋ ਸਾਹਮਣੇ ਹੋਣਗੀਆਂ।
'ਚੰਡੀਗੜ੍ਹ 'ਚ ਗਠਜੋੜ ਪਰ ਪੰਜਾਬ 'ਚ ਸਾਨੂੰ ਨਹੀਂ ਲੋੜ': ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਦੀ ਵੱਡੀ ਉਦਾਹਰਨ ਜਿੱਥੇ ਚੰਡੀਗੜ੍ਹ 'ਚ ਮੇਅਰ ਚੋਣਾਂ ਦੇ ਦੌਰਾਨ ਵੇਖਣ ਨੂੰ ਮਿਲੀ ਸੀ, ਉੱਥੇ ਹੀ ਪੰਜਾਬ ਦੇ ਵਿੱਚ ਦੋਵਾਂ ਹੀ ਪਾਰਟੀਆਂ ਨੇ ਇੱਕ ਦੂਜੇ ਦੇ ਨਾਲ ਸਮਝੌਤੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਹੀ 13 ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹਿ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਫੀਡਬੈਕ ਦੇ ਰਾਹੀਂ ਪੰਜਾਬ ਲੋਕ ਸਭਾ ਦੇ ਇੰਚਾਰਜ ਲਗਾਏ ਗਏ ਦੇਵੇਂਦਰ ਯਾਦਵ ਨੂੰ ਪੰਜਾਬ ਦੇ ਕਾਂਗਰਸ ਦੇ ਵਰਕਰ ਅਤੇ ਆਗੂ ਆਪਣਾ ਮੂਡ ਦੱਸ ਚੁੱਕੇ ਹਨ। ਇੱਕ ਦੂਜੇ ਦੀ ਧੁਰ ਵਿਰੋਧੀ ਪਾਰਟੀਆਂ ਹਾਲਾਂਕਿ ਇੰਡੀਆ ਗਠਜੋੜ ਦਾ ਹਿੱਸਾ ਰਹੀਆਂ ਹਨ, ਪਰ ਹੁਣ ਇੰਡੀਆ ਗਠਜੋੜ ਵੀ ਖੇਰੂ-ਖੇਰੂ ਹੁੰਦਾ ਵਿਖਾਈ ਦੇ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਦੋਵਾਂ ਹੀ ਪਾਰਟੀਆਂ ਦਾ ਕੋਈ ਸਿਧਾਂਤ ਨਹੀਂ ਹੈ।
ਇੱਕ ਦੂਜੇ 'ਤੇ ਵਾਰ: ਇੱਕ ਪਾਸੇ ਜਿੱਥੇ ਦੋਵੇਂ ਹੀ ਪਾਰਟੀਆਂ ਚੰਡੀਗੜ੍ਹ 'ਚ ਅਲਾਇੰਸ ਦੀ ਉਦਾਹਰਨ ਦੇ ਚੁੱਕੀਆਂ ਹਨ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਦੋਵੇਂ ਹੀ ਪਾਰਟੀਆਂ ਦੇ ਨੁਮਾਇੰਦੇ ਇੱਕ ਦੂਜੇ 'ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਕਾਂਗਰਸ ਵੱਲੋਂ ਲੁਧਿਆਣਾ ਦੇ ਵਿੱਚ ਕਨਵੈਂਸ਼ਨ ਨੂੰ ਲੈ ਕੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਜੇਕਰ ਪੰਜਾਬ ਦੀ ਸਰਕਾਰ ਕਿਸੇ ਸਭ ਤੋਂ ਵੱਡੇ ਖੇਤਰ ਦੇ ਵਿੱਚ ਫੇਲ੍ਹ ਹੋਈ ਹੈ ਤਾਂ ਉਹ ਕਾਨੂੰਨ ਵਿਵਸਥਾ ਹੈ। ਇੰਨਾ ਹੀ ਨਹੀਂ ਉਹਨਾਂ ਕਿਹਾ ਕੇ ਹਾਰ ਦੇ ਡਰ ਤੋਂ ਉਹ ਨਗਰ ਨਿਗਮ ਦੀਆਂ ਚੋਣਾਂ ਤੋਂ ਭੱਜ ਰਹੇ ਹਨ। ਹਾਲਾਂਕਿ ਜਦੋਂ ਉਹਨਾਂ ਨੂੰ ਚੰਡੀਗੜ੍ਹ ਦੇ ਗਠਜੋੜ ਬਾਰੇ ਅਤੇ ਪੰਜਾਬ 'ਚ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਆਖਰੀ ਫੈਸਲਾ ਹਾਈ ਕਮਾਂਡ ਦਾ ਹੋਵੇਗਾ। ਅਸੀਂ ਆਪਣੇ ਸੁਝਾਅ ਵਰਕਰ ਤੋਂ ਲੈ ਕੇ ਸੀਨੀਅਰ ਆਗੂ ਤੱਕ ਪਾਰਟੀ ਨੂੰ ਦੇ ਚੁੱਕੇ ਹਾਂ।
ਸਿੱਧੂ 'ਤੇ ਸਵਾਲ:ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੀ ਲੀਡਰਸ਼ਿਪ ਤੋਂ ਵੱਖਰੇ ਚੱਲ ਰਹੇ ਹਨ। ਉਹਨਾਂ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਬੀਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਵਕਤ ਸਾਰਿਆਂ ਨੂੰ ਜਵਾਬ ਦੇਵੇਗਾ। ਉਥੇ ਹੀ ਸਮਰਾਲਾ ਦੇ ਵਿੱਚ 11 ਫਰਵਰੀ ਨੂੰ ਹੋਣ ਜਾ ਰਹੀ ਵੱਡੀ ਕਨਵੈਂਸ਼ਨ ਦੇ ਵਿੱਚ ਉਸ ਨੂੰ ਕਾਮਯਾਬ ਬਣਾਉਣ ਦੇ ਲਈ ਕਾਂਗਰਸ ਵੱਲੋਂ ਬਣਾਈ ਗਈ 16 ਮੈਂਬਰੀ ਕਮੇਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ ਹੈ। ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਦੇਵੇਂਦਰ ਯਾਦਵ ਨੂੰ ਇਸ ਸਬੰਧੀ ਕਈ ਵਾਰ ਜਾਣਕਾਰੀ ਦੇ ਚੁੱਕੇ ਹਾਂ। ਉਹਨਾਂ ਕਿਹਾ ਕਿ ਜੇਕਰ ਕੋਈ ਇੱਟ ਖਰਾਬ ਹੁੰਦੀ ਹੈ ਤਾਂ ਉਸ ਨੂੰ ਬਾਹਰ ਕੱਢ ਦੇਣਾ ਹੀ ਚੰਗਾ ਹੁੰਦਾ ਹੈ।
ਅਕਾਲੀ ਦਲ ਨੇ ਚੁੱਕੇ ਸਵਾਲ:ਦੂਜੇ ਪਾਸੇ ਵਿਰੋਧੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਹੋ ਰਹੇ ਵੱਡੇ ਇਕੱਠ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਇਹ ਦੋਵੇਂ ਹੀ ਪਾਰਟੀਆਂ ਦਾ ਕੋਈ ਸਿਧਾਂਤ ਨਹੀਂ ਹੈ। ਉਹਨਾਂ ਕਿਹਾ ਪਰ ਚੰਡੀਗੜ੍ਹ ਤੋਂ ਇੱਕ ਗੱਲ ਸਾਫ ਹੋ ਚੁੱਕੀ ਹੈ ਕਿ ਇਹ ਇੱਕੋ ਹੀ ਟੀਮ ਦੇ ਹਿੱਸਾ ਹਨ। ਸਿੱਧੂ ਦੀ ਤਾਰੀਫ ਕਰਦਿਆਂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਸੂਰਤ ਦੇ ਵਿੱਚ ਨੰਬਰ ਦੋ ਦੀ ਪੁਜੀਸ਼ਨ 'ਤੇ ਨਹੀਂ ਰਹਿਣ ਵਾਲੇ, ਉਹਨਾਂ ਦੀ ਆਪਣੀ ਵੱਖਰੀ ਪਰਸਨੈਲਿਟੀ ਹੈ। ਉਹਨਾਂ ਕਿਹਾ ਕਿ ਜਿੱਥੇ ਦੋਵੇਂ ਹੀ ਪਾਰਟੀਆਂ ਇੱਕ ਦੂਜੇ ਦੇ ਸਾਥ ਦੇਣ ਦੀਆਂ ਗੱਲਾਂ ਕਰ ਰਹੀਆਂ ਸਨ, ਹੁਣ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਆਹਮੋ ਸਾਹਮਣੇ ਹਨ।