ਪੰਜਾਬ

punjab

ETV Bharat / state

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਪਿਆ ਭੋਗ, ਲੋਕਾਂ ਸਭਾ ਚੋਣਾਂ ਨੂੰ ਲੈਕੇ ਬਸਪਾ ਨੇ ਕੀਤਾ ਇਹ ਵੱਡਾ ਐਲਾਨ - Akali Dal and BSP alliance

ਭਾਜਪਾ ਨਾਲੋਂ ਗਠਜੋੜ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਬਸਪਾ ਨਾਲ ਸਾਂਝ ਪਈ ਸੀ ਪਰ ਉਹ ਜਿਆਦਾ ਸਮਾਂ ਚੱਲ ਨਾ ਸਕੀ। ਜਿਸ ਦੇ ਚੱਲਦੇ ਹੁਣ ਬਸਪਾ ਨੇ ਇਕੱਲਿਆਂ ਹੀ ਅਗਾਮੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਟੁੱਟਿਆ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਟੁੱਟਿਆ

By ETV Bharat Punjabi Team

Published : Feb 13, 2024, 10:31 PM IST

ਚੰਡੀਗੜ੍ਹ: ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਸਮਝੌਤਾ ਹੋਣ ਦੀਆਂ ਜ਼ੋਰਦਾਰ ਚਰਚਾਵਾਂ ਚੱਲ ਰਹੀਆਂ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਲੱਗਭਗ ਟੁੱਟ ਹੀ ਚੁੱਕਿਆ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਇਕੱਲਿਆਂ ਹੀ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ। ਇਸ ਦੇ ਨਾਲ ਹੀ ਬਸਪਾ ਲੀਡਰਸ਼ਿਪ ਨੇ ਵਰਕਰਾਂ ਨੂੰ ਅਕਾਲੀ ਦਲ ਦੇ ਆਗੂਆਂ ਤੋਂ ਦੂਰੀ ਬਣਾ ਕੇ ਰੱਖਣ ਦੇ ਹੁਕਮ ਦਿੱਤੇ ਹਨ।

ਬਸਪਾ ਵਲੋਂ ਕੀਤੀ ਗਈ ਮੀਟਿੰਗ ਦੀ ਫੋਟੋ

ਬਸਪਾ ਨੇ ਕੀਤੀ ਮੈਰਾਥਨ ਮੰਥਨ ਮੀਟਿੰਗ:ਕਾਬਿਲੇਗੌਰ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਅੰਬੇਡਕਰ ਭਵਨ ਚੰਡੀਗੜ੍ਹ ਵਿਖੇ ਹੋਈ ਹੈ। ਜਿਸ ਵਿੱਚ ਸੂਬਾ ਪੱਧਰੀ ਬਹੁਜਨ ਸਮਾਜ ਪਾਰਟੀ ਦੀ ਕਮੇਟੀ ਦੇ ਜ਼ਿੰਮੇਵਾਰ ਆਗੂ ਹਾਜ਼ਰ ਹੋਏ। ਇਸ ਦੌਰਾਨ ਸੂਬਾ ਕਮੇਟੀ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸੂਬੇ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ਉਤੇ ਪਹੁੰਚੇ। ਚਾਰ ਘੰਟੇ ਲੰਬੀ ਚੱਲੀ ਮੈਰਾਥਨ ਮੰਥਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਲਗਾਤਾਰ ਅਣਦੇਖੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਰਹੀ ਹੈ।

ਬਸਪਾ ਵਲੋਂ ਕੀਤੀ ਗਈ ਮੀਟਿੰਗ ਦੀ ਫੋਟੋ

ਭਾਜਪਾ ਨਾਲ ਬਸਪਾ ਨਹੀਂ ਰੱਖੇਗੀ ਸਾਂਝ:ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੋ ਕਿ ਦਲਿਤਾਂ, ਪਛੜਿਆਂ, ਘੱਟ ਗਿਣਤੀਆਂ, ਕਿਸਾਨਾਂ ਨੂੰ ਕੁਚਲਣ ਦੀ ਗੈਰ ਸੰਵਿਧਾਨਕ ਨੀਤੀਆਂ ਬਣਾਉਂਦੇ ਹੋਏ ਭਾਰਤੀ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੀ ਹੈ। ਬਹੁਜਨ ਸਮਾਜ ਪਾਰਟੀ ਕਦੇ ਵੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦੀ, ਕਿਉਂਕਿ ਭਾਜਪਾ ਜਿੱਥੇ ਭਾਰਤ ਦੇ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੀ ਹੈ। ਉਥੇ ਪੰਜਾਬ ਨਾਲ ਪੰਥਕ ਮੁੱਦਿਆਂ, ਕਿਸਾਨ ਮੁੱਦਿਆਂ, ਬੰਦੀ ਸਿੰਘਾਂ ਦੇ ਮੁੱਦੇ, ਭਾਰਤੀ ਸੰਵਿਧਾਨ ਨੂੰ ਬਦਲਣਾ ਮੁੱਖ ਮੁੱਦਾ ਹੈ।

ਵਿਧਾਨ ਸਭਾ ਚੋਣਾਂ ਦੌਰਾਨ ਹੋਇਆ ਸੀ ਗਠਜੋੜ: ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਵਾਦ ਤੋਂ ਬਾਅਦ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖ ਹੋ ਗਏ ਸਨ। ਇਸ ਤੋਂ ਬਾਅਦ ਅਕਾਲੀ ਦਲ ਅਤੇ ਬਸਪਾ ਵਿਚਾਲੇ ਗਠਜੋੜ ਹੋ ਗਿਆ। ਦੋਵਾਂ ਪਾਰਟੀਆਂ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ, ਜਿਸ ਵਿੱਚ ਅਕਾਲੀ ਦਲ ਨੂੰ ਤਿੰਨ ਅਤੇ ਬਸਪਾ ਨੂੰ ਇੱਕ ਸੀਟ ਮਿਲੀ ਸੀ। ਪਰ ਕਾਫ਼ੀ ਸਮੇਂ ਤੋਂ ਦੋਵਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ। ਇਲਜ਼ਾਮ ਸਨ ਕਿ ਦੋਵਾਂ ਵਿਚਾਲੇ ਮੀਟਿੰਗ ਤੱਕ ਵੀ ਨਹੀਂ ਹੋ ਰਹੀ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਆਪਣੇ ਪ੍ਰੋਗਰਾਮਾਂ ਵਿੱਚ ਵੀ ਬਸਪਾ ਆਗੂਆਂ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਸੀ।

ਬਸਪਾ ਵਲੋਂ ਕੀਤੀ ਗਈ ਮੀਟਿੰਗ ਦੀ ਫੋਟੋ

ਬਸਪਾ ਦੀ ਵਧੀ ਵੋਟ ਪ੍ਰਤੀਸ਼ਤਾ ਤਾਂ ਅਕਾਲੀ ਦਲ ਦੀ ਹੋਈ ਘੱਟ: ਸਾਲ 2022 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ 20 ਸੀਟਾਂ 'ਤੇ ਚੋਣ ਲੜਦਿਆਂ ਬਸਪਾ ਦੇ ਨਛੱਤਰ ਪਾਲ ਨੇ ਨਵਾਂਸ਼ਹਿਰ ਤੋਂ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ 97 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਸ ਦੇ ਖਾਤੇ 'ਚ ਸਿਰਫ਼ ਤਿੰਨ ਸੀਟਾਂ ਹੀ ਆਈਆਂ ਸਨ। ਇੰਨਾ ਹੀ ਨਹੀਂ 2017 ਦੇ ਮੁਕਾਬਲੇ ਇਸ ਸਾਲ ਬਸਪਾ ਦਾ ਵੋਟ ਸ਼ੇਅਰ ਵੀ ਵਧਿਆ ਸੀ। ਬਸਪਾ ਨੂੰ 2017 ਵਿੱਚ ਜਿਥੇ 1.5 ਫੀਸਦੀ ਵੋਟਾਂ ਪਈਆਂ ਸਨ, ਉਥੇ ਹੀ 2022 ਵਿੱਚ ਬਸਪਾ ਦਾ ਵੋਟ ਸ਼ੇਅਰ ਵੱਧ ਕੇ 1.77% ਹੋ ਗਿਆ ਸੀ। ਇਸ ਦੇ ਨਾਲ ਹੀ ਅਕਾਲੀ ਦਲ ਦੀ ਵੋਟ ਪ੍ਰਤੀਸ਼ਤਤਾ ਲਗਾਤਾਰ ਘਟਦੀ ਜਾ ਰਹੀ ਹੈ।

ਪਹਿਲਾਂ ਵੀ ਇੱਕ ਵਾਰ ਹੋਇਆ ਸੀ ਗਠਜੋੜ: ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਬਸਪਾ ਨੇ 1997 ਤੋਂ ਬਾਅਦ ਪਹਿਲੀ ਵਾਰ 2022 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਆਪਣਾ ਖਾਤਾ ਖੋਲ੍ਹਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਬਸਪਾ ਨੇ 11 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਇਨ੍ਹਾਂ 'ਚੋਂ ਇਕ ਨੂੰ ਛੱਡ ਕੇ ਕੋਈ ਵੀ ਜ਼ਮਾਨਤ ਨਹੀਂ ਬਚਾ ਸਕਿਆ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਬਸਪਾ ਨੇ 109 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਸਾਰਿਆਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਦੋਵਾਂ ਪਾਰਟੀਆਂ ਨੇ 25 ਸਾਲ ਬਾਅਦ 2022 ਦੀਆਂ ਚੋਣਾਂ ਵਿੱਚ ਹੱਥ ਮਿਲਾਇਆ ਸੀ। ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ 1996 'ਚ ਲੋਕ ਸਭਾ ਚੋਣਾਂ ਇਕੱਠੀਆਂ ਲੜੀਆਂ ਸਨ। ਉਸ ਸਮੇਂ ਗਠਜੋੜ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 11 ਸੀਟਾਂ ਜਿੱਤੀਆਂ ਸਨ।

ਬਸਪਾ ਦੇ ਐਲਾਨ ਤੋਂ ਬਾਅਦ ਇਕੱਲਾ ਹੋਇਆ ਅਕਾਲੀ ਦਲ: ਬਸਪਾ ਦੇ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫਿਰ ਇਕੱਲਾ ਹੋ ਗਿਆ ਹੈ। 2021 ਵਿੱਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਉਦੋਂ ਵੀ ਅਕਾਲੀ ਦਲ ਇਕੱਲਾ ਰਹਿ ਗਿਆ ਸੀ। ਆਖਰਕਾਰ ਉਨ੍ਹਾਂ ਨੂੰ 2022 ਦੀਆਂ ਚੋਣਾਂ 'ਚ ਬਸਪਾ ਦਾ ਸਮਰਥਨ ਮਿਲ ਗਿਆ, ਜੋ ਹੁਣ ਮਾਇਆਵਤੀ ਦੇ ਐਲਾਨ ਤੋਂ ਬਾਅਦ ਫਿਰ ਤੋਂ ਇਕੱਲਾ ਰਹਿ ਜਾਵੇਗਾ। ਕਾਬਿਲੇਗੌਰ ਹੈ ਕਿ ਕਿਸਾਨਾਂ ਦਾ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਇੱਕ ਵਾਰ ਫਿਰ ਤੋਂ ਸੰਘਰਸ਼ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਜੇਕਰ ਅਕਾਲੀ ਦਲ ਫਿਰ ਤੋਂ ਭਾਜਪਾ ਨਾਲ ਸਾਂਝ ਪਾਉਂਦਾ ਹੈ ਤਾਂ ਇਸ ਨਾਲ ਉਸ ਨੂੰ ਮੁੜ ਤੋਂ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ABOUT THE AUTHOR

...view details