ਪੰਜਾਬ

punjab

ETV Bharat / state

ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੰਗਾਮਾ, ਕਮੇਟੀ ਮੈਂਬਰ ਕਿਰਪਾਲ ਸਿੰਘ ਬਡੂੰਗਰ ਨੇ ਵੀ ਦਿੱਤਾ ਅਸਤੀਫ਼ਾ - KIRPAL SINGH BADUNGAR RESIGNS

ਸ਼੍ਰੋਮਣੀ ਅਕਾਲੀ ਦੀ ਮੈਂਬਰਸ਼ਿਪ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਤੋਂ ਪ੍ਰੋ ਕਿਰਪਾਲ ਸਿੰਘ ਬੰਡੂਗਰ ਨੇ ਅਸਤੀਫ਼ਾ ਦੇ ਦਿੱਤਾ ਹੈ।

Kirpal Singh Badungar resigns from seven-member committee on recruitment in Shiromani Akali Dal
ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੰਗਾਮਾ (Etv Bharat)

By ETV Bharat Punjabi Team

Published : Feb 18, 2025, 2:13 PM IST

Updated : Feb 18, 2025, 3:06 PM IST

ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਮੁੜ ਪਟਿਆਲਾ ਵਿਖੇ ਹੋਣ ਜਾ ਰਹੀ ਹੈ, ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ। ਹੁਣ 7 ਮੈਂਬਰੀ ਕਮੇਟੀ ਦੇ ਮੈਂਬਰ ਕਿਰਪਾਲ ਸਿੰਘ ਬਡੂੰਗਰ ਨੇ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨ (ਸੋਮਵਾਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫ਼ਾ ਦੇ ਦਿੱਤਾ ਹੈ।

ਕਿਰਪਾਲ ਸਿੰਘ ਬਡੂੰਗਰ ਨੇ ਦਿੱਤਾ ਅਸਤੀਫ਼ਾ (Etv Bharat)

ਕਿਰਪਾਲ ਸਿੰਘ ਬਡੂੰਗਰ ਨੇ ਆਪਣਾ ਅਸਤੀਫ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜ ਕੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਕੀਤੀ ਹੈ। ਅੱਜ ਦੀ ਮੀਟਿੰਗ ਤੋਂ ਪਹਿਲਾਂ 2 ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਹ ਬੇਸਿੱਟਾ ਰਹੀਆਂ ਹਨ।

ਇਕਬਾਲ ਸਿੰਘ ਝੂੰਦਾਂ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੇਦਪੁਰੀ, ਬੀਬੀ ਸਤਵੰਤ ਕੌਰ (Etv Bharat)

ਆਪਣੇ ਅਸਤੀਫ਼ੇ ਵਿੱਚ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਲਿਖਿਆ ਹੈ"ਆਪ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਦਾਸ ਨੂੰ ਕਮੇਟੀ ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ ਸੀ, ਜਿਸ ਲਈ ਆਪ ਜੀ ਦਾ ਧੰਨਵਾਦ। ਆਪ ਜੀ ਦੇ ਧਿਆਨ ਹਿਤ ਹੈ ਕਿ ਉਸ ਕਮੇਟੀ ਦੀਆਂ 2 ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਹਨ। ਦੋਵੇਂ ਮੀਟਿੰਗਾਂ ਵਿੱਚ ਸਤਿਕਾਰਯੋਗ ਮੈਂਬਰ ਸਾਹਿਬਾਨ ਸ਼ਾਮਲ ਹੋਏ ਸਨ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੇ ਆਪਣੇ ਵਿਚਾਰ ਦਿੱਤੇ ਸੀ, ਪ੍ਰੰਤੂ ਆਖ਼ਰੀ ਫ਼ੈਸਲਾ ਨਹੀਂ ਹੋ ਸਕਿਆ। ਦੋਵੇਂ ਮੀਟਿੰਗਾਂ ਦੌਰਾਨ ਵਿਚਾਰਾਂ ਵੀ ਹੋਈਆਂ ਸਨ, ਪ੍ਰੰਤੂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਹਨ। ਹੁਣ ਪ੍ਰਧਾਨ ਐਡਵੋਕੇਟ ਧਾਮੀ ਸਾਬ੍ਹ ਨੇ ਦੋਵੇਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧ ਵਿੱਚ ਤੀਸਰੀ ਬੈਠਕ ਮੁੜ ਪਟਿਆਲਾ ਦੇ ਵਿਖੇ ਰੱਖੀ ਗਈ ਸੀ, ਪਰ ਅਜੇ ਤੱਕ ਇਸ ਮੀਟਿੰਗ ਪ੍ਰਤੀ ਅਨਿਸਚਿਤਤਾ ਬਣੀ ਹੋਈ ਹੈ ਕਿ ਮੀਟਿੰਗ ਦੀ ਪ੍ਰਧਾਨਗੀ ਕੌਣ ਕਰੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਮੁਕੱਦਸ ਤੇ ਸਰਵਉੱਚ ਅਸਥਾਨ ਹੈ, ਜਿਸ ਦਾ ਅਦਬ, ਸਤਿਕਾਰ ਅਤੇ ਸਨਮਾਨ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ ਅਤੇ ਪੰਥਕ ਪਰੰਪਰਾ ਅਤੇ ਮਰਿਆਦਾ ਹਮੇਸ਼ਾ ਕਾਇਮ ਰਹੇ, ਜਿਸ ਕਾਰਨ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਹਲਾਤ ਨੂੰ ਮੁੱਖ ਰੱਖ ਕੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਫ਼ਾਰਗ ਕਰ ਦਿਓ, ਆਪ ਜੀ ਦਾ ਅਤਿ ਧੰਨਵਾਦੀ ਹੋਵੇਗਾ ਜੀ।"

ਅਸਤੀਫ਼ਾ

ਕਮੇਟੀ ਵਿੱਚ ਬਚੇ ਸਿਰਫ਼ 5 ਮੈਂਬਰ

ਇਸ ਕਮੇਟੀ ਦਾ ਮੁੱਖ ਉਦੇਸ਼ ਸ਼੍ਰੋਮਣੀ ਅਕਾਲੀ ਦੀ ਨਵੀਂ ਮੈਂਬਰਸ਼ਿਪ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੇ ਅਸਤੀਫ਼ੇ ਸੌਂਪੇ ਜਾਣ ਤੋਂ ਬਾਅਦ ਕਮੇਟੀ ਵਿੱਚ ਇਕਬਾਲ ਸਿੰਘ ਝੂੰਦਾਂ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੇਦਪੁਰੀ, ਬੀਬੀ ਸਤਵੰਤ ਕੌਰ ਸ਼ਾਮਲ ਸਨ। ਹਾਲਾਂਕਿ ਦੋਵਾਂ ਦੇ ਅਸਤੀਫ਼ਿਆਂ 'ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

2 ਦਸੰਬਰ ਨੂੰ ਬਣਾਈ ਗਈ ਸੀ ਕਮੇਟੀ

2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ ਵਿੱਚ ਤਬਦੀਲੀ ਲਈ ਇਹ ਕਮੇਟੀ ਬਣਾਈ ਗਈ ਸੀ। ਕਮੇਟੀ ਨੂੰ 6 ਮਹੀਨਿਆਂ ਅੰਦਰ ਮੈਂਬਰਸ਼ਿਪ ਪ੍ਰਕਿਰਿਆ ਪੂਰੀ ਕਰਕੇ ਪਾਰਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

Last Updated : Feb 18, 2025, 3:06 PM IST

ABOUT THE AUTHOR

...view details