ਬਠਿੰਡਾ: ਜ਼ਿਲ੍ਹੇ ਦੀ ਸੀਆਈਡੀ ਵਿੰਗ ਵਿੱਚ ਤਾਇਨਾਤ ਇੱਕ ਡੀਐੱਸਪੀ ਦੇ ਘਰੋਂ ਦੋ ਔਰਤਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਉਕਤ ਔਰਤਾਂ ਘਰੇਲੂ ਨੌਕਰ ਬਣ ਕੇ ਘਰ ਦੀ ਸਫ਼ਾਈ ਕਰਨ ਆਈਆਂ ਸਨ ਅਤੇ ਗਹਿਣਿਆਂ 'ਤੇ ਹੱਥ ਸਾਫ ਕਰ ਗਈਆਂ। ਕਥਿਤ ਮਹਿਲਾ ਮੁਲਜ਼ਮਾਂ ਦੀ ਫੁਟੇਜ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਪੁਲਿਸ ਕਰ ਰਹੀ ਮਹਿਲੀ ਚੋਰਾਂ ਦੀ ਭਾਲ (ETV BHARAT PUNJAB (ਰਿਪੋਟਰ,ਬਠਿੰਡਾ)) ਪਤਨੀ ਨੂੰ ਗੱਲਾਂ 'ਚ ਉਲਝਾ ਕੇ ਕੀਤੀ ਲੱਖਾਂ ਦੀ ਲੁੱਟ
ਡੀਐੱਸਪੀ ਦੀ ਪਤਨੀ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਦੋ ਅਣਪਛਾਤੀਆਂ ਔਰਤਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਡੀਐੱਸਪੀ ਦੀ ਪਤਨੀ ਤਰਨਜੀਤ ਕੌਰ ਨੇ ਬਿਆਨ ਦਰਜ ਕਰਵਇਆ ਹੈ ਕਿ 18 ਸਤੰਬਰ ਨੂੰ ਦੋ ਔਰਤਾਂ ਘਰ ਵਿੱਚ ਦਾਖ਼ਲ ਹੋਈਆਂ ਸਨ। ਉਕਤ ਔਰਤਾਂ ਆਪਣੇ ਆਪ ਨੂੰ ਘਰੇਲੂ ਨੌਕਰ ਦੱਸ ਰਹੀਆਂ ਸਨ ਅਤੇ ਘਰ 'ਚ ਸਫਾਈ ਦਾ ਕੰਮ ਕਰਨ ਲਈ ਮੰਗ ਰਹੀਆਂ ਸਨ।
ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ
ਪੀੜਤ ਪਤਨੀ ਅਨੁਸਾਰ ਇਸ ਦੌਰਾਨ ਉਕਤ ਔਰਤਾਂ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਅਤੇ ਘਰ ਦੀ ਸਫ਼ਾਈ ਦੇ ਬਹਾਨੇ ਸੋਨੇ-ਚਾਂਦੀ ਦੇ ਗਹਿਣੇ, ਹੀਰਿਆਂ ਦਾ ਸੈੱਟ ਅਤੇ ਨਕਦੀ ਚੋਰੀ ਕਰ ਲਈ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ 23 ਲੱਖ ਰੁਪਏ ਦੇ ਕਰੀਬ ਬਣਦੀ ਹੈ। ਐੱਸਪੀ ਸਿਟੀ ਨੇ ਦੱਸਿਆ ਕਿ ਤਰਨਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੀਆਂ ਔਰਤਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਹਨਾ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਦੀ ਫੁਟੇਜ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਿਸ ਦੇ ਆਧਾਰ 'ਤੇ ਦੋਸ਼ੀ ਔਰਤਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਉਕਤ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।