ਜੰਡਿਆਲਾ ਗੁਰੂ/ਅੰਮ੍ਰਿਤਸਰ:ਪੰਜਾਬ ਦੇ ਵਿੱਚ ਲਗਾਤਾਰ ਕਾਰੋਬਾਰੀਆਂ ਸਮੇਤ ਵੱਖ-ਵੱਖ ਵਰਗਾਂ ਨਾਲ ਜੁੜੇ ਵਿਅਕਤੀਆਂ ਨੂੰ ਵਿਦੇਸ਼ੀ ਨੰਬਰ ਤੋਂ ਕਥਿਤ ਫੋਨ ਕਾਲਾਂ ਆ ਰਹੀਆਂ ਹਨ। ਜਿਸ ਦੇ ਵਿੱਚ ਜਿਆਦਾਤਰ ਵਪਾਰੀਆਂ ਕੋਲੋਂ ਲੱਖਾਂ ਰੁਪਏ ਫਰੌਤੀ ਦੇਣ ਦੀ ਮੰਗ ਕਰਦੇ ਹੋਏ ਧਮਕਾਇਆ ਜਾ ਰਿਹਾ ਹੈ ਅਤੇ ਫਰੌਤੀ ਨਾਂ ਦੇਣ ਦੀ ਸੂਰਤ ਦੇ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ। ਜੰਡਿਆਲਾ ਗੁਰੂ ਪੁਲਿਸ ਵੱਲੋਂ ਬੀਤੇ ਦਿਨਾਂ ਦੌਰਾਨ ਜੰਡਿਆਲਾ ਦੇ ਕੁਝ ਵਪਾਰੀਆਂ ਕੋਲੋਂ ਫਰੌਤੀਆਂ ਮੰਗਣ ਅਤੇ ਧਮਕਾਉਣ ਦੇ ਮਾਮਲੇ ਦੇ ਵਿੱਚ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਜੱਟ ਗੈਂਗ ਦੇ ਚਾਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹੈਪੀ ਜੱਟ ਗੈਂਗ ਦੇ ਚਾਰ ਗੁਰਗੇ ਗ੍ਰਿਫਤਾਰ (ETV Bharat (ਅੰਮ੍ਰਿਤਸਰ, ਪੱਤਰਕਾਰ)) ਗੈਂਗ ਦੇ ਚਾਰ ਬੰਦਿਆਂ ਨੂੰ ਕਾਬੂ ਕੀਤਾ
ਇਸ ਸਬੰਧੀ ਅੱਜ ਐਸਐਚਓ ਜੰਡਿਆਲਾ ਇੰਸਪੈਕਟਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਾਸੀ ਇਕ ਵਿਉਪਾਰੀ ਕੋਲੋਂ ਹੈਪੀ ਜੱਟ ਗੈਂਗ ਦੇ ਨਾਮ 'ਤੇ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗੀ ਗਈ ਸੀ। ਇਸ ਸਬੰਧੀ ਕਾਰੋਬਾਰੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਆਪਣੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਕੇ ਇਸ ਮਾਮਲੇ ਵਿੱਚ ਤੇਜੀ ਨਾਲ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ ਚਾਰ ਬੰਦਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਕਥਿਤ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੰਗਲ ਸਿੰਘ ਵਾਸੀ ਜੋਤੀਸਰ ਕਲੋਨੀ ਜੰਡਿਆਲਾ ਗੁਰੂ, ਨਵਜੋਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜੱਟੇਆਣਾ ਚੌਂਕ ਚੌਂਕ ਜੰਡਿਆਲਾ ਗੁਰੂ, ਨਵਜੋਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ, ਰਾਜਬੀਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਖਲਚੀਆਂ ਦੇ ਨਾਮ ਸ਼ਾਮਲ ਹਨ।
ਲੋਕਾਂ ਦੇ ਖਿਲਾਫ ਸਖ਼ਤੀ
ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਿ ਇਨ੍ਹਾਂ ਚਾਰਾਂ ਦੇ ਮੁਬਾਇਲ ਕਬਜ਼ੇ ਵਿੱਚ ਲੈ ਲਏ ਗਏ ਹਨ ਅਤੇ ਇਨ੍ਹਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਕੋਲੋਂ ਪੁੱਛ ਗਿੱਛ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਰਿਮਾਂਡ ਕਥਿਤ ਮੁਲਜ਼ਮਾਂ ਕੋਲੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਵੱਲੋਂ ਅਜਿਹੇ ਲੋਕਾਂ ਦੇ ਖਿਲਾਫ ਸਖ਼ਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।