ਪੰਜਾਬ

punjab

ETV Bharat / state

"ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਾਂਗੇ ..." ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ 'ਚ ਲਿਆ ਇਹ ਅਹਿਮ ਫੈਸਲਾ - REVIVE OF AKALI DAL

ਬੀਬੀ ਜਗੀਰ ਕੌਰ ਨੇ ਦੱਸਿਆ 5 ਮੈਂਬਰੀ ਮੀਟਿੰਗ ਦਾ ਫੈਸਲਾ, ਕਿਹਾ- ਐਸਜੀਪੀਸੀ ਪ੍ਰਧਾਨ ਧਾਮੀ ਤੇ ਪ੍ਰੋ. ਬਢੂੰਗਰ ਵਲੋਂ ਅਸਤੀਫ਼ਾ ਦੇਣਾ ਵੀ ਹੁਕਮਾਂ ਦੀ ਉਲੰਘਣਾ।

Patiala 5 Member Committee Shiromani Akali Dal
ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ 'ਚ ਲਿਆ ਇਹ ਅਹਿਮ ਫੈਸਲਾ... (ETV Bharat)

By ETV Bharat Punjabi Team

Published : Feb 19, 2025, 10:00 AM IST

ਪਟਿਆਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਣਾਈ ਗਈ 7 ਮੈਂਬਰੀ (ਇਨ੍ਹਾਂ ਚੋਂ 2 ਵਲੋਂ ਅਸਤੀਫ਼ਾ ਦਿੱਤਾ ਗਿਆ) ਕਮੇਟੀ ਦੀ ਮੀਟਿੰਗ ਮੁੜ ਪਟਿਆਲਾ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਹੁਣ ਕਮੇਟੀ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਸਥਿਤੀ ਬਾਰੇ ਜਾਣਕਾਰੀ ਦੇਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੁਕਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਪਿੰਡ ਰੱਖੜਾ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਚੱਲ ਰਹੀ ਮੀਟਿੰਗ ਦੀ ਸਮਾਪਤੀ ਉਪਰੰਤ ਸੁਰਜੀਤ ਸਿੰਘ ਰੱਖੜਾ ਅਤੇ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।

ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ 'ਚ ਲਿਆ ਇਹ ਅਹਿਮ ਫੈਸਲਾ... (ETV Bharat)

'ਭਗੌੜੇ ਅਕਾਲੀ ਦਲ ਦੇ ਮੈਂਬਰਾਂ ਨੇ ਉਲੰਘਣਾ ਕੀਤੀ'

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂ ਅਤੇ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, '7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਬਣਾਈ ਗਈ ਸੀ, ਪਰ ਅਕਾਲੀ ਦਲ ਦੇ ਭਗੌੜੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਭੰਗ ਕਰਕੇ ਆਪਣੀ ਵੱਖਰੀ ਕਮੇਟੀ ਬਣਾ ਲਈ ਜਿਸ ਕਾਰਨ ਸਾਡੇ ਦੋ ਸੀਨੀਅਰ ਆਗੂਆਂ ਨੂੰ ਅਸਤੀਫ਼ਾ ਦੇਣਾ ਪਿਆ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।'

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ, 'ਅਸੀਂ ਆਪਣੀ 5 ਮੈਂਬਰੀ ਕਮੇਟੀ ਦੇ 5 ਮੈਂਬਰਾਂ ਦਾ ਸਮਰਥਨ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਦੇ ਫੈਸਲੇ 'ਤੇ ਮਾਣ ਹੈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਅਸੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਅਤੇ ਉਨ੍ਹਾਂ ਦੇ ਹੁਕਮਾਂ ਅਨੁਸਾਰ ਹੀ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਵਾਂਗੇ।'

"ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਹੁਕਮਨਾਮਾ ਦੀ ਉਲੰਘਣਾ ਕੀਤੀ ਗਈ ਤੇ ਭਰਤੀ ਆਪਣੀ (ਸ਼੍ਰੋਮਣੀ ਅਕਾਲੀ ਦਲ) ਮਰਜ਼ੀ ਨਾਲ ਸ਼ੁਰੂ ਕੀਤੀ। ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ, ਉਹ ਕਮੇਟੀ ਮੈਂਬਰ ਸੀ, ਜਿਨ੍ਹਾਂ ਨੇ ਖੁਦ ਮੀਟਿੰਗ ਸੱਦੀ ਸੀ ਤੇ ਹੁਣ ਆਪ ਹੀ ਨਹੀਂ ਆਏ। ਫਿਰ ਪ੍ਰੋਫੈਸਰ ਬਡੂੰਗਰ ਨੇ ਵੀ ਅਸਤੀਫਾ ਦਿੱਤਾ ਅਤੇ ਕਮੇਟੀ ਤੋਂ ਬਾਹਰ ਹੋ ਗਏ, ਹਾਲਾਂਕਿ ਉਹ ਕਾਫੀ ਸਿਆਣੇ ਹਨ, ਪਰ ਉਨ੍ਹਾਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।" - ਬੀਬੀ ਜਗੀਰ ਕੌਰ

ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੋਈ ਹੋਰ ਹੁਕਮਾਂ ਦੀ ਪਾਲਣਾ ਨਹੀਂ ਕਰਦਾ, ਤਾਂ ਅਸੀਂ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਾਂਗੇ।

"ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਾਬਿਕ ਚਲਾਂਗੇ"

ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ, "ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 7 ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਇਹ ਭਰਤੀ ਕਰਨਗੇ, ਪਰ ਭਗੌੜਾ ਅਕਾਲੀ ਦਲ ਨੇ ਪਤਾ ਨਹੀਂ ਕਿਹੜੀ ਕਮੇਟੀ ਬਣਾ ਕੇ ਆਪਣੀ ਭਰਤੀ ਸ਼ੁਰੂ ਕਰ ਦਿੱਤੀ। ਇਸ ਦਰਮਿਆਨ ਪ੍ਰਧਾਨ ਧਾਮੀ ਤੇ ਬਡੂੰਗਰ ਨੂੰ ਅਸਤੀਫ਼ਾ ਦੇਣਾ ਪਿਆ। ਹੁਣ 5 ਮੈਂਬਰੀ ਕਮੇਟੀ ਵਲੋਂ ਫੈਸਲਾ ਲਿਆ ਗਿਆ ਹੈ ਕਿ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੀਟਿੰਗ ਹੋਵੇਗੀ ਅਤੇ ਉਨ੍ਹਾਂ ਵਲੋਂ ਜੋ ਡਾਇਰੈਕਸ਼ਨ ਹੋਵੇਗੀ, ਉਸ ਮੁਤਾਬਿਕ ਭਰਤੀ ਸ਼ੁਰੂ ਕਰਾਂਗੇ। ਅਸੀ ਜਥੇਦਾਰ ਸਾਬ੍ਹ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ, ਜੋ ਉਹ ਕਹਿਣਗੇ ਇੰਨ-ਬਿੰਨ ਲਾਗੂ ਹੋਵੇਗਾ।"

ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਪਰਮਿੰਦਰ ਸਿੰਘ ਢੀਡਸਾ, ਸੁਰਜੀਤ ਸਿੰਘ ਰੱਖੜਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਦਰਸ਼ਨ ਸਿੰਘ ਧਾਲੀਵਾਲ, ਬੀਬੀ ਜਗੀਰ ਕੌਰ, ਰਣਧੀਰ ਸਿੰਘ ਰੱਖੜਾ, ਸੰਤਾ ਸਿੰਘ, ਚਰਨਜੀਤ ਸਿੰਘ ਬਰਾੜ, ਸੰਤਾ ਸਿੰਘ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਮੈਂਬਰ ਹਾਜ਼ਰ ਸਨ।

ABOUT THE AUTHOR

...view details