ਅੰਤਰ ਰਾਸ਼ਟਰੀ ਕਰਾਟੇ ਦੇ ਖਿਡਾਰੀ ਵਲੋਂ ਪ੍ਰਦਰਸ਼ਨ (Etv Bharat (ਪੱਤਰਕਾਰ, ਲੁਧਿਆਣਾ)) ਖੰਨਾ (ਲੁਧਿਆਣਾ): ਕੌਮਾਂਤਰੀ ਪੈਰਾ ਕਰਾਟੇ ਖਿਡਾਰੀ ਤਰੁਣ ਕੁਮਾਰ ਇੰਟਰਨੈਸ਼ਨਲ ਪਲੇਅਰ ਹੋਣ ਦੇ ਬਾਵਜੂਦ ਅੱਜ ਗੁਰਬਤ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੈ। ਸਮੇਂ ਦੀਆਂ ਸਰਕਾਰਾਂ ਤੋਂ ਤੰਗ ਹੋ ਕੇ ਉਸ ਨੇ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਬੂਟ ਪੋਲਿਸ਼ ਕਰਕੇ ਆਪਣੀ ਨਰਾਜ਼ਗੀ ਸਰਕਾਰ ਦੇ ਖਿਲਾਫ ਜ਼ਾਹਿਰ ਕੀਤੀ ਹੈ। ਉਸ ਦੇ ਨਾਲ ਕੁਝ ਸਮਾਜ ਸੇਵੀ ਵੀ ਮੌਜੂਦ ਰਹੇ ਜਿਨ੍ਹਾਂ ਨੇ ਉਸ ਦੀ ਹਾਲਤ ਅਤੇ ਉਸ ਦੇ ਟੈਲੈਂਟ ਅਤੇ ਦੇਸ਼ ਪੰਜਾਬ ਦੇ ਲਈ ਲਿਆਂਦੇ ਮੈਡਲ ਨੂੰ ਲੈ ਕੇ ਸਵਾਲ ਖੜੇ ਕੀਤੇ।
ਖਿਡਾਰੀਆਂ ਨੂੰ ਬਣਦਾ ਹੱਕ ਦੇਣ ਦਾ ਵਾਅਦਾ:ਹਾਲਾਂਕਿ, ਸੂਬਾ ਸਰਕਾਰ ਨੇ ਆਪਣੀ ਖੇਡ ਨੀਤੀ ਦੇ ਵਿੱਚ ਖਿਡਾਰੀਆਂ ਨੂੰ ਪਹਿਲ ਦੇ ਅਧਾਰ ਤੇ ਸਰਕਾਰੀ ਨੌਕਰੀਆਂ ਦੇਣ ਉਨ੍ਹਾਂ ਦੀ ਨਾਮੀ ਰਾਸ਼ੀ ਵਧਾਉਣ ਉਨ੍ਹਾਂ ਨੂੰ ਚੰਗੀ ਡਾਇਟ ਦੇਣ ਅਤੇ ਕੋਚਿੰਗ ਦੇਣ ਦੇ ਨਾਲ ਪੁਰਾਣੇ ਖਿਡਾਰੀਆਂ ਨੂੰ ਬਣਦਾ ਹੱਕ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦੇ ਵਫ਼ਾ ਨਾ ਹੋਣ ਕਰਕੇ ਖਿਡਾਰੀ ਨਰਾਜ਼ ਨਜ਼ਰ ਆ ਰਹੇ ਹਨ।
ਭਾਰਤ ਦੇ ਲਈ 10 ਤੋਂ ਵੱਧ ਮੈਡਲ ਜਿੱਤੇ:ਤਰੁਣ ਖੰਨਾ ਦਾ ਰਹਿਣ ਵਾਲਾ ਹੈ 2021 ਦੇ ਵਿੱਚ ਕਾਂਗਰਸ ਸਰਕਾਰ ਵੇਲੇ ਵੀ ਉਸ ਨੂੰ ਨੌਕਰੀ ਨਹੀਂ ਮਿਲੀ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਸ ਦੀ ਹਾਲਤ ਨੂੰ ਆਪਣੇ ਸੋਸ਼ਲ ਮੀਡੀਆ ਪੇਜ ਤੇ ਸ਼ੇਅਰ ਵੀ ਕੀਤਾ ਸੀ ਪਰ ਇਸ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲੀ। ਤਰੁਣ ਹੁਣ ਤੱਕ ਕਰਾਟੇ ਦੇ ਵਿੱਚ ਭਾਰਤ ਦੇ ਲਈ 10 ਤੋਂ ਵੱਧ ਮੈਡਲ ਜਿੱਤ ਚੁੱਕਾ ਹੈ। ਉਸ ਦੀ ਸਬਜ਼ੀਆਂ ਵੇਚਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
ਕੌਮਾਂਤਰੀ ਪੱਧਰ 'ਤੇ ਹੋਈ ਕਰਾਟੇ ਚੈਂਪੀਅਨਸ਼ਿਪ: 6 ਸਾਲ ਤਰੁਣ ਜਦੋਂ 6 ਸਾਲ ਦਾ ਸੀ ਜਦੋਂ ਤੋਂ ਉਹ ਕਰਾਟੇ ਸਿੱਖ ਰਿਹਾ ਹੈ। ਉਸ ਨੂੰ ਬੋਲਣ ਅਤੇ ਦੇਖਣ ਦੇ ਵਿੱਚ ਦਿੱਕਤ ਹੋਣ ਕਰਕੇ ਉਹ ਪੈਰਾ ਕੈਟਾਗਰੀ ਦੇ ਵਿੱਚ ਖੇਡਦਾ ਹੈ। ਸਾਲ 2023 ਦੇ ਵਿੱਚ ਉਸਨੇ ਏਸ਼ੀਅਨ ਪੈਰਾ ਚੈਂਪੀਅਨਸ਼ਿਪ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। 2019 ਦੇ ਵਿੱਚ ਵਿਸ਼ਵ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਵੀ ਉਸ ਦਾ ਤੀਜਾ ਸਥਾਨ ਰਿਹਾ ਸੀ। 2022 ਦੇ ਵਿੱਚ ਕੌਮਾਂਤਰੀ ਪੱਧਰ 'ਤੇ ਹੋਈ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਵੀ ਉਸਨੇ ਉਸ ਉਜ਼ਬੇਕਿਸਤਾਨ ਦੇ ਅੰਦਰ ਚਾਂਦੀ ਦਾ ਤਗਮਾ ਹਾਸਿਲ ਕੀਤਾ ਸੀ।
ਸੜਕਾਂ 'ਤੇ ਪ੍ਰਦਰਸ਼ਨ ਕਰਨ ਲਈ ਮਜਬੂਰ:ਭਾਰਤ ਲਈ ਮੈਡਲ ਲਿਆਉਣ ਦੇ ਬਾਵਜੂਦ ਵੀ ਅੱਜ ਉਹ ਸੜਕਾਂ 'ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ। ਨਾ ਹੀ ਕਾਂਗਰਸ ਸਰਕਾਰ ਵੇਲੇ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਹੋਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਤਰੁਣ ਨੇ ਕਿਹਾ ਹੈ ਕਿ ਖੇਡ ਮੰਤਰੀ ਮੀਤ ਹੇਅਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਪਰ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।