ਜਲੰਧਰ/ਚੰਡੀਗੜ੍ਹ : ਕਮਿਸ਼ਨਰੇਟ ਪੁਲਿਸ ਨੇ ਜਲੰਧਰ ਵਿੱਚ 'ਬਿਸ਼ਨੋਈ ਗੈਂਗ' ਦੇ ਦੋ ਸਾਥੀਆਂ ਨੂੰ ਇੱਕ ਨਾਟਕੀ ਢੰਗ ਨਾਲ ਪਿੱਛਾ ਅਤੇ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਹਥਿਆਰ ਅਤੇ ਕਈ ਕਾਰਤੂਸ ਬਰਾਮਦ ਕੀਤੇ। ਪਿੱਛਾ ਕਰਦਿਆ ਸ਼ੱਕੀ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀ ਚਲਾ ਦਿੱਤੀ ਗਈ ਜਿਸ ਦੌਰਾਨ ਇੱਕ ਮੁਲਜ਼ਮ ਜਖਮੀ ਹੈ।
ਇੱਕ ਮੁਲਜ਼ਮ ਦੀ ਲੱਤ 'ਚ ਵੱਜੀ ਗੋਲੀ
ਦੋ ਬਿਸ਼ਨੋਈ ਗੈਂਗ ਦੇ ਬੰਦੇ ਹਨ, ਜਿਨ੍ਹਾਂ ਉੱਤੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਕੁੱਲ 16 ਮਾਮਲੇ ਦਰਜ ਹਨ। ਬਿਸ਼ਨੋਈ ਗੈਂਗ ਨਾਲ ਸੰਪਰਕ ਕਰਕੇ ਡਬਲ ਕਤਲ ਤੇ ਜਬਰਨ ਵਸੂਲੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਨੂੰ 22 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਅੱਜ ਉਨ੍ਹਾਂ ਵਲੋਂ ਛੁਪਾਏ ਹਥਿਆਰ ਬਰਾਮਦ ਕਰਨ ਲਈ ਲੈ ਕੇ ਆਏ ਸੀ। ਉਸ ਸਮੇਂ ਉਨ੍ਹਾਂ (ਮੁਲਜ਼ਮਾਂ) ਵਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ ਦੌਰਾਨ ਇੱਕ ਮੁਲਜ਼ਮ ਦੀ ਲੱਤ ਉੱਤੇ ਗੋਲੀ ਵੱਜੀ ਹੈ, ਜੋ ਜ਼ੇਰੇ ਇਲਾਜ ਹੈ, ਦੂਜੇ ਨੂੰ ਵੀ ਮੁੜ ਕਸਟਡੀ ਵਿੱਚ ਲਿਆ ਗਿਆ ਹੈ। ਇੱਥੇ ਇਨ੍ਹਾਂ ਮੁਲਜ਼ਮਾਂ ਵਲੋਂ ਛੁਪਾਏ ਹਥਿਆਰ ਬਰਾਮਦ ਕਰ ਲਏ ਗਏ ਹਨ। ਇਸ ਤੋਂ ਪਹਿਲਾਂ ਇਨ੍ਹਾਂ ਨੇ ਜਲੰਧਰ ਵਿੱਚ ਕੋਈ ਕ੍ਰਾਈਮ ਨਹੀ ਕੀਤਾ ਹੈ। - ਮੌਕੇ ਉੱਤੇ ਮੌਜੂਦ ਪੁਲਿਸ ਅਧਿਕਾਰੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਖਿਲਾਫ ਜਬਰਨ ਵਸੂਲੀ, ਕਤਲ, ਅਸਲਾ ਐਕਟ ਅਤੇ NDPS ਐਕਟ ਸਮੇਤ ਕਈ ਮਾਮਲੇ ਦਰਜ ਹਨ। ਪੁਲਿਸ ਗਰੋਹ ਦੀਆਂ ਗਤੀਵਿਧੀਆਂ ਅਤੇ ਸਬੰਧਾਂ ਬਾਰੇ ਹੋਰ ਪਤਾ ਲਗਾਉਣ ਲਈ ਆਪਣੀ ਜਾਂਚ ਜਾਰੀ ਰੱਖ ਰਹੀ ਹੈ। ਮੁਲਜ਼ਮਾਂ ਨੂੰ ਪੁਲਿਸ ਨੇ ਸ਼ੁੱਕਰਵਾਰ 22 ਨਵੰਬਰ ਨੂੰ ਆਦਮਪੁਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਬਦਮਾਸ਼ਾਂ ਦੀ ਪਛਾਣ ਹਰਿੰਦਰ ਸਿੰਘ ਵਾਸੀ ਆਦਮਪੁਰ ਅਤੇ ਸੁਖਮਨਜੋਤ ਸਿੰਘ ਵਾਸੀ ਜਲੰਧਰ ਛਾਉਣੀ ਵਜੋਂ ਹੋਈ ਹੈ।
ਪਿੰਡ ਦੇ ਖੇਤਾਂ ਵਿੱਚ ਛੁਪਾਏ ਸੀ ਹਥਿਆਰ
ਪੁਲਿਸ ਅਨੁਸਾਰ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਜਲੰਧਰ ਛਾਉਣੀ ਦੇ ਪਿੰਡ ਨੰਗਲ ਕਾਰਖਾਨ ਵਿੱਚ ਹਥਿਆਰ ਛੁਪਾਏ ਸਨ। ਪੁਲਿਸ ਇਨ੍ਹਾਂ ਨੂੰ ਜ਼ਬਤ ਕਰਨ ਲਈ ਹੀ ਲੈ ਕੇ ਆਈ ਸੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਥਿਆਰ ਲੱਭ ਕੇ ਲਿਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਉਕਤ ਹਥਿਆਰਾਂ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਗੋਲੀਬਾਰੀ ਹੋਈ। ਦੋਵੇਂ ਬਦਮਾਸ਼ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਲਈ ਕੰਮ ਕਰ ਰਹੇ ਸਨ।
ਐਸਏਐਸ ਨਗਰ ਵਿੱਚ ਬੰਬੀਹਾ ਗੈਂਗ ਦੇ ਦੋ ਗੁਰਗੇ ਗ੍ਰਿਫਤਾਰ
ਦੂਜੇ ਪਾਸੇ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਜਾਣਕਾਰੀ ਸਾਂਝੀ ਕੀਤੀ ਕਿ, ਐਂਟੀ ਗੈਂਗਸਟਰ ਟਾਸਕ ਫੋਰਸ ਨੇ ਨੇ SAS ਨਗਰ ਪੁਲਿਸ ਨਾਲ ਮਿਲ ਕੇ ਬੰਬੀਹਾ ਗੈਂਗ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲਾਂ ਸਮੇਤ 7 ਜਿੰਦਾ ਕਾਰਤੂਸ ਬਰਾਮਦ ਹੋਏ ਹਨ।