ਈਵੀਐਮ ਬਾਰੇ ਕੀਤਾ ਜਾ ਰਿਹਾ ਜਾਗਰੂਕ ਬਠਿੰਡਾ:ਜਿਵੇਂ 2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਾਂ ਚੋਣ ਕਮਿਸ਼ਨ ਵੱਲੋਂ ਵੀ ਜੰਗੀ ਪੱਧਰ ਉੱਤੇ 'ਵੋਟ ਫੀਸਦੀ 70 ਪਾਰ' ਦਾ ਟੀਚਾ ਪੂਰਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਆਰੰਭੀਆਂ ਹੋਈਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਈਵੀਐਮ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ-ਪਿੰਡ ਜਾ ਕੇ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਸਪੈਸ਼ਲ ਪ੍ਰਚਾਰ ਵੈਨ ਰਾਹੀਂ ਈਵੀਐਮ ਦੀ ਵਰਤੋਂ ਸਬੰਧੀ ਦੱਸਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਈ.ਵੀ.ਐਮ. ਪ੍ਰਤੀ ਜਾਗਰੂਕ ਕਰਨ ਲਈ ਵੈਨ ਚਲਾਈ ਜਾ ਰਹੀ ਹੈ। ਇਹ ਵੈਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਥਾਵਾਂ 'ਤੇ ਪਹੁੰਚ ਕੇ ਈ.ਵੀ.ਐਮ ਪ੍ਰਤੀ ਜਾਗਰੂਕ ਕਰ ਰਹੀ ਹੈ।
ਜਾਣੋ ਕਿੱਥੇ-ਕਿੱਥੇ ਲੱਗੇਗਾ ਜਾਗਰੂਕ ਕੈਂਪ: ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਵੈਨ 91-ਭੁੱਚੋ ਮੰਡੀ ਵਿਖੇ ਜਾਗਰੂਤਾ ਵੈਨ 20 ਫ਼ਰਵਰੀ ਨੂੰ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਰਿਸਰਚ ਭੁੱਚੋ ਖੁਰਦ, ਸਰਕਾਰੀ ਹਸਪਤਾਲ ਭੁੱਚੋ, ਬਾਬਾ ਮੋਨੀ ਜੀ ਮਹਾਰਾਜ ਐਜੂਕੇਸ਼ਨ ਕਾਲਜ ਲਹਿਰਾ ਮੁਹੱਬਤ, ਡੇਰਾ ਰੂੰਮੀਆਣਾ ਭੁੱਚੋ ਕਲਾਂ ਅਤੇ ਸਰਕਾਰੀ ਹਸਪਤਾਲ ਨਥਾਣਾ ਵਿਖੇ ਅਤੇ 21 ਫਰਵਰੀ ਨੂੰ ਭਾਈ ਆਸਾ ਸਿੰਘ ਗਰਲਜ ਕਾਲਜ ਗੋਨਿਆਣਾ, ਸਰਕਾਰੀ ਹਸਪਤਾਲ ਗੋਨਿਆਣਾ, ਅਨਾਜ ਮੰਡੀ ਗੋਨਿਆਣਾ ਅਤੇ ਆਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨ ਵਿਖੇ ਪਹੁੰਚ ਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਈ.ਵੀ.ਐਮ ਬਾਰੇ ਜਾਗਰੂਕ ਕਰੇਗੀ।
ਨਵੇਂ ਵੋਟਰਾਂ ਨੂੰ ਅਪੀਲ:ਨੋਡਲ ਅਫ਼ਸਰ ਗੁਰਤੇਜ ਸਿੰਘ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਬਕਾਇਦਾ ਜ਼ਿਲ੍ਹ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਵੱਖ ਵੱਖ ਵਿਭਾਗਾਂ ਨਾਲ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ। ਵੋਟ ਦੇ ਅਧਿਕਾਰ ਸਬੰਧੀ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਵੋਟ ਪਾਉਣ ਲਈ ਵਰਤੀਆਂ ਜਾਣ ਵਾਲੀਆਂ ਈਵੀਐਮ ਮਸ਼ੀਨਾਂ ਸਬੰਧੀ ਵੀ ਜਾਗਰੂਕ ਬਿਆਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਫਸਟ ਟਾਈਮ ਵੋਟਰ ਨੂੰ ਉਸ ਦੇ ਅਧਿਕਾਰਾਂ ਜਾਣੂ ਕਰਵਾਇਆ ਜਾ ਰਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਰਕਾਰ ਵੱਲੋਂ ਚਲਾਈ ਗਈ ਇਸ ਜਾਗਰੂਕ ਮੁਹਿੰਮ ਦਾ ਹਿੱਸਾ ਬਣਨ।