ਸ੍ਰੀ ਮੁਕਤਸਰ ਸਾਹਿਬ: 40 ਮੁਕਤਿਆਂ ਦੀ ਪਵਿੱਤਰ ਧਰਤੀ ਉੱਤੇ ਬਣੇ ਗੁਰਦੁਆਰਾ ਦਾਤਨਸਰ ਸਾਹਿਬ ਉਹ ਸਥਾਨ ਹੈ, ਜਿੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਿੱਬੀ ਸਾਹਿਬ ਤੋਂ ਹੁੰਦਿਆ ਦਾਤਨ ਸਾਹਿਬ ਆ ਕੇ ਦਾਤਨ ਅਤੇ ਕੁਰਲਾ ਕਰਿਆ ਕਰਦੇ ਸੀ। ਇਹ ਉਹੀ ਥਾਂ ਹੈ ਜਿੱਥੇ ਖਿਦਰਾਨਾ ਦੀ ਜੰਗ ਦੀ ਸਮਾਪਤੀ ਉਪਰੰਤ ਵਜ਼ੀਰ ਖਾਂ ਵਲੋਂ ਭੇਜੇ ਨੂਰਦੀਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਠ ਉੱਤੇ ਵਾਰ ਕੀਤਾ ਸੀ। ਉਸੇ ਸਮੇਂ ਗੁਰੂ ਜੀ ਨੇ ਆਪਣਾ ਬਚਾਅ ਕੀਤਾ ਅਤੇ ਨੂਰਦੀਨ ਲਈ ਜੋ ਵਾਕ ਆਖੇ, ਉਹ ਅੱਜ ਵੀ ਪੂਰੇ ਹੋ ਰਹੇ ਹਨ।
ਕੀ ਹੈ ਇਤਿਹਾਸ
ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਤਨ ਕੁਰਲਾ ਕਰ ਰਹੇ ਸਨ, ਤਾਂ ਨੂਰਦੀਨ ਝਾੜੀਆਂ ਵਿੱਚ ਲੁੱਕਿਆ ਬੈਠਾ ਸੀ। ਨੂਰਦੀਨ ਸਿੱਖ ਭੇਸ ਵਿੱਚ ਆਇਆ ਸੀ। ਮੌਕਾ ਦੇਖ ਕੇ ਨੂਰਦੀਨ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਿੱਠ ਉੱਤੇ ਵਾਰ ਕੀਤਾ ਸੀ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਨ੍ਹਾਂ ਦਾ ਵਾਰ ਰੋਕਦੇ ਹੋਏ, ਗੜ੍ਹਵੇ ਨਾਲ ਨੂਰਦੀਨ ਉੱਤੇ ਵਾਰ ਕੀਤਾ ਅਤੇ ਕਿਹਾ ਕਿ - ਤੂੰ ਜੁੱਤੀਆਂ ਹੀ ਖਾਏਗਾ, ਪਿੱਠ ਪਿੱਛੇ ਭੇਸ ਬਦਲ ਕੇ ਵਾਰ ਕਰਨਾ, ਸੂਰਮਿਆਂ ਦਾ ਕੰਮ ਨਹੀਂ।
ਉਹ ਸਹਿਕਦਾ ਹੋਇਆ, ਗੁਰੂ ਜੀ ਦੇ ਕਦਮਾਂ ਵਿੱਚ ਡਿੱਗਿਆ ਤੇ ਬੋਲਿਆ ਮਹਾਰਾਜ ਮੈਨੂੰ ਬਖ਼ਸ਼ ਦਿਓ। ਤਾਂ, ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੂੰ ਹਮੇਸ਼ਾ ਹੀ ਜੁੱਤੀਆਂ ਖਾਏਗਾ। ਉਸ ਤੋਂ ਬਾਅਦ ਗੁਰੂ ਜੀ ਨੇ ਜਦੋਂ ਦਾਤਨ ਪੂਰੀ ਹੋਈ, ਤਾਂ ਇਸ ਥਾਂ ਉੱਤੇ ਵਾਪਸ ਆ ਕੇ ਦਾਤਨ ਦੇ ਦੋ ਟੁਕੜੇ ਕਰ ਕੇ ਸੁੱਟੇ , ਜਿੱਥੇ ਇਹ ਗੁਰਦੁਆਰਾ ਦਾਤਨਸਰ ਸਾਹਿਬ ਸੁਸ਼ੋਭਿਤ ਹੈ।