ਪੰਜਾਬ

punjab

ETV Bharat / state

ਮੰਤਰੀ ਵਲੋਂ ਉਦਯੋਗਪਤੀਆਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ, ਸਨਅਤੀ ਫੈਡਰੇਸ਼ਨਾਂ ਸਣੇ ਸਨਅਤਕਾਰਾਂ ਨਾਲ ਹੋਈ ਮੀਟਿੰਗ - TARUNPREET SINGH SAUND MEETING

ਮੰਤਰੀ ਤਰੁਨਪ੍ਰੀਤ ਸੌਂਦ ਵੱਲੋਂ ਉਦਯੋਗਪਤੀਆਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ। ਪੰਜਾਬ ਦੀਆਂ ਵੱਖ-ਵੱਖ ਸਨਅਤੀ ਫੈਡਰੇਸ਼ਨਾਂ, ਚੈਂਬਰਾਂ ਤੇ ਉਦਯੋਗਪਤੀਆਂ ਨਾਲ ਉੱਚ ਪੱਧਰੀ ਮੀਟਿੰਗ ਹੋਈ।

Tarunpreet Singh Saund
ਸਨਅਤੀ ਫੈਡਰੇਸ਼ਨਾਂ ਸਣੇ ਸਨਅਤਕਾਰਾਂ ਨਾਲ ਹੋਈ ਮੀਟਿੰਗ (ETV Bharat)

By ETV Bharat Punjabi Team

Published : Nov 12, 2024, 6:57 PM IST

ਚੰਡੀਗੜ੍ਹ: ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬੇ ਦੇ ਉਦਯੋਗਪਤੀਆਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ। ਇੱਥੇ ਉਦਯੋਗ ਭਵਨ ਵਿਖੇ ਸੂਬੇ ਦੇ ਨਾਮੀਂ ਉਦਯੋਗਪਤੀਆਂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਉਦਯੋਗਾਂ ਦੀ ਤਰੱਕੀ ਤੇ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਰਕਾਰ ਤੇਜ਼ੀ ਨਾਲ ਸਾਰਥਕ ਯਤਨ ਕਰ ਰਹੀ ਹੈ।

ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ

ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਵੱਖ-ਵੱਖ ਸਨਅਤੀ ਫੈਡਰੇਸ਼ਨਾਂ, ਚੈਂਬਰਾਂ ਤੇ ਉਦਯੋਗਪਤੀਆਂ ਨੂੰ ਖੁਦ ਬੁਲਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਸੌਂਦ ਨੇ ਕਿਹਾ ਕਿ ਉਦਯੋਗਪਤੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਬਹੁਤ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਦਯੋਗ ਮੰਤਰੀ ਨੇ ਕਿਹਾ ਕਿ ਯਕਮੁਸ਼ਤ ਯੋਜਨਾ (ਓਟੀਐਸ) ਤੇ ਕੁਝ ਨੀਤੀਗਤ ਫੈਸਲੇ ਅਜਿਹੇ ਹਨ, ਜਿਨ੍ਹਾਂ ਬਾਰੇ ਮੁੱਖ ਮੰਤਰੀ ਨਾਲ ਸਲਾਹ-ਮਸ਼ਵਰਾ ਤੇ ਦਿਸ਼ਾ-ਨਿਰਦੇਸ਼ ਜ਼ਰੂਰੀ ਹਨ, ਇਸ ਲਈ ਅਜਿਹੀਆਂ ਕੁਝ ਮੰਗਾਂ ਬਾਰੇ ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਦਾ ਹੱਲ ਕੱਢਿਆ ਜਾਵੇਗਾ।

ਫੋਕਲ ਪੁਆਇੰਟਾਂ ਦਾ ਰੱਖ-ਰਖਾਅ ਪੂਰਾ ਹੋਵੇਗਾ

ਸੌਂਦ ਨੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਉਦਯੋਗਪਤੀਆਂ ਲਈ ਹੋਰ ਬੇਹਤਰ ਤੇ ਢੁਕਵਾਂ ਮਾਹੌਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਸੁਖਾਵਾਂ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਦਯੋਗਪਤੀਆਂ ਨੇ ਪੀਐਸਆਈਈਸੀ ਨਾਲ ਜੁੜੇ ਕੁਝ ਮਸਲੇ ਤੇ ਸੁਝਾਅ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ, ਜਿਨ੍ਹਾਂ ਦੇ ਹੱਲ ਲਈ ਉਦਯੋਗ ਮੰਤਰੀ ਨੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਫੋਕਲ ਪੁਆਇੰਟਾਂ ਦਾ ਪੜਾਅਵਾਰ ਰੱਖ-ਰਖਾਅ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਦਯੋਗਿਕ ਖੇਤਰਾਂ ਅਤੇ ਪਲਾਟਾਂ ਦੀ ਦੇਖਰੇਖ ਤੇ ਇਨ੍ਹਾਂ ਬਾਬਤ ਜੁੜੇ ਮਸਲਿਆਂ ਨੂੰ ਵੀ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਸਨਅਤੀ ਖੇਤਰ ਦੀ ਉੱਨਤੀ 'ਤੇ ਜ਼ੋਰ

ਸੌਂਦ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਉਦਯੋਗ ਤੇ ਵਣਜ ਮੰਤਰੀ ਦਾ ਕਾਰਜਭਾਰ ਸੰਭਾਲਿਆ ਹੈ, ਉਹ ਲਗਾਤਾਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਉਦਯੋਗਪਤੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਸਨਅਤੀ ਖੇਤਰ ਦੀ ਉੱਨਤੀ ਤੇ ਤਰੱਕੀ ਲਈ ਸਾਰਥਕ ਨੀਤੀਆਂ ਤੇ ਯੋਜਨਾਵਾਂ ਲਿਆਂਦੀਆਂ ਜਾ ਸਕਣ। ਉਨ੍ਹਾਂ ਉਦਯੋਗਪਤੀਆਂ ਨੂੰ ਪੂਰਣ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਉਦਯੋਗਪਤੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਜਾਂ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਵੇਂ ਉਦਯੋਗਾਂ ਦੀ ਸਥਾਪਤੀ ਲਈ ਪੰਜਾਬ ਸਰਕਾਰ ਪੂਰਣ ਸਹਿਯੋਗ ਕਰੇਗੀ। (ਪ੍ਰੈਸ ਨੋਟ)

ABOUT THE AUTHOR

...view details