ਲੁਧਿਆਣਾ:ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਵਾਤਾਵਰਣ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਖਾਸ ਕਰਕੇ ਗਲੋਬਲ ਵਾਰਮਿੰਗ ਅਤੇ ਵਾਤਾਵਰਨ ਤਬਦੀਲੀਆ ਕਾਰਨ ਮੌਸਮ ਵਿੱਚ ਕਾਫੀ ਉਤਾਰ ਚੜਾਅ ਵੇਖਣ ਨੂੰ ਮਿਲ ਰਹੇ ਹਨ। ਪਿਛਲੇ ਇੱਕ ਮਹੀਨੇ ਵਿੱਚ ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪਈ ਹੈ ਅਤੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਹਨ। ਇਸ ਦਾ ਮੁੱਖ ਕਾਰਨ ਦਿਨ ਵਿੱਚ ਟੈਂਪਰੇਚਰ ਜਿਆਦਾ ਹੋਣਾ ਹੈ। ਅਕਸਰ ਹੀ ਵਾਤਾਵਰਨ ਵਿੱਚ ਦੋ ਤਰ੍ਹਾਂ ਦੇ ਟੈਂਪਰੇਚਰ ਹੁੰਦੇ ਹਨ। ਇੱਕ ਵੱਧ ਤੋਂ ਵੱਧ ਅਤੇ ਇੱਕ ਘੱਟ ਤੋਂ ਘੱਟ ਟੈਂਪਰੇਚਰ, ਪਰ ਵਾਤਾਵਰਨ ਵਿੱਚ ਵੱਡੀਆਂ ਤਬਦੀਲੀਆਂ ਆਉਣ ਕਰਕੇ ਘੱਟ ਤੋਂ ਘੱਟ ਟੈਂਪਰੇਚਰ ਤਾਂ ਸਥਿਰ ਹਨ, ਪਰ ਵੱਧ ਤੋਂ ਵੱਧ ਟੈਂਪਰੇਚਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਦਾ ਅਸਰ ਸਿੱਧੇ ਤੌਰ ਉੱਤੇ ਮੌਸਮ ਉੱਤੇ ਪੈ ਰਿਹਾ ਹੈ। ਕੜਾਕੇ ਦੀ ਠੰਡ ਆਮ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ। ਇਸ ਤੋਂ ਜਿਆਦਾ ਅਸਰ ਵਨਸਪਤੀ ਨੂੰ ਪੈ ਰਿਹਾ ਹੈ।
ਟੈਂਪਰੇਚਰ ਵਿੱਚ ਤਬਦੀਲੀਆਂ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵਾਤਾਵਰਣ ਤਬਦੀਲੀਆਂ ਨਾਲ ਸੰਬੰਧਿਤ ਮਹਿਕਮੇ ਵੱਲੋਂ ਲਗਾਤਾਰ ਇਸ ਉੱਤੇ ਰਿਸਰਚ ਕੀਤੀ ਜਾਂਦੀ ਹੈ। ਇਹ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਵੱਲੋਂ ਸਾਡੇ ਨਾਲ ਬੀਤੇ ਇੱਕ ਮਹੀਨੇ ਦੇ ਕੁਝ ਅੰਕੜੇ ਸਾਂਝੇ ਕੀਤੇ ਗਏ ਹਨ ਜਿਸ ਦੇ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਜਨਵਰੀ ਤੋਂ ਲੈ ਕੇ 22 ਜਨਵਰੀ ਤੱਕ ਚਾਰ ਵਾਰ ਮੌਸਮ ਨੇ ਰਿਕਾਰਡ ਤੋੜੇ ਹਨ। 1975 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਮੌਸਮ ਨਿਰੀਖਣ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਤੱਕ ਲਗਭਗ 48 ਸਾਲ ਦੇ ਦੌਰਾਨ ਪੀਏਯੂ ਲੁਧਿਆਣਾ ਮੌਸਮ ਵਿਭਾਗ ਕੋਲ ਸਾਲ ਦਰ ਸਾਲ ਮਹੀਨੇ ਵਾਰ ਮਹੀਨੇ ਅਤੇ ਪ੍ਰਤਿ ਦਿਨ ਦੇ ਟੈਂਪਰੇਚਰ ਦਾ (Punjab Weather Update) ਰਿਕਾਰਡ ਮੌਜੂਦ ਹੈ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਵਾਤਾਵਰਨ ਤਬਦੀਲੀਆਂ ਦਾ ਮੌਸਮ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
ਜਨਵਰੀ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ, ਤਾਂ 1 ਜਨਵਰੀ ਨੂੰ ਵੱਧ ਤੋਂ ਵੱਧ ਟੈਂਪਰੇਚਰ 10.4 ਡਿਗਰੀ ਦਰਜ ਕੀਤਾ ਹੈ। ਇਸੇ ਤਰ੍ਹਾਂ ਚਾਰ ਜਨਵਰੀ ਨੂੰ ਇਹ ਟੈਂਪਰੇਚਰ 9.4 ਡਿਗਰੀ ਸੀ। ਇਸੇ ਤਰ੍ਹਾਂ 19 ਜਨਵਰੀ ਨੂੰ 9.8 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ ਅਤੇ ਜੇਕਰ ਗੱਲ 22 ਜਨਵਰੀ ਦੀ ਕੀਤੀ ਜਾਵੇ ਤਾਂ 9.4 ਡਿਗਰੀ ਟੈਂਪਰੇਚਰ ਦਰਜ ਹੋਇਆ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਜਦਕਿ, ਘੱਟੋ ਘੱਟ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਉਹ 3 ਤੋਂ 5 ਡਿਗਰੀ ਵਿਚਕਾਰ ਰਿਹਾ ਹੈ। 15 ਜਨਵਰੀ ਨੂੰ ਘੱਟ ਤੋਂ ਘੱਟ ਟੈਂਪਰੇਚਰ 2.8 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜਦਕਿ 17 ਜਨਵਰੀ ਨੂੰ 3.8 ਡਿਗਰੀ ਸੈਲਸੀਅਸ ਇਸੇ ਤਰ੍ਹਾਂ 18 ਜਨਵਰੀ ਨੂੰ 3.9 ਡਿਗਰੀ ਸੈਲਸੀਅਸ ਘੱਟੋ ਘੱਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਹੀ ਹੈ ਪਰ ਵੱਧ ਤੋਂ ਵੱਧ ਟੈਂਪਰੇਚਰ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।
ਡਾਕਟਰ ਪਵਨੀਤ ਕੌਰ ਨੇ ਕਿਹਾ ਹੈ ਕਿ 'ਇਨ੍ਹਾਂ ਦਿਨਾਂ ਵਿਚਕਾਰ ਕੋਲਡ ਡੇਜ਼ ਚੱਲ ਰਹੇ ਹਨ, ਆਮ ਤੌਰ ਉੱਤੇ ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਪਾਰਾ 16 ਡਿਗਰੀ ਤੋਂ ਲੈ ਕੇ 18 ਡਿਗਰੀ ਦੇ ਤੱਕ ਰਹਿੰਦਾ ਹੈ, ਪਰ ਮੌਜੂਦਾ ਸਥਿਤੀ ਵਿੱਚ ਇਹ 9 ਤੋਂ 10 ਡਿਗਰੀ ਵਿਚਕਾਰ ਚੱਲ ਰਿਹਾ ਹੈ, ਜੋ ਕਿ ਬਹੁਤ ਵੱਡੀ ਤਬਦੀਲੀ ਹੈ।