ਬਠਿੰਡਾ :ਅੱਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਦੇਸ਼ ਦੁਨੀਆਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂਧਾਮਾਂ ਦੇ ਦਰਸ਼ਨ ਦੀਦਾਰ ਤੋਂ ਲੈਕੇ ਵੱਖ ਵੱਖ ਸ਼ਹਿਰਾਂ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ। ਉੱਥੇ ਹੀ ਇਸ ਪਾਵਨ ਦਿਹਾੜੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਿੱਖ ਕੌਮ ਦੇ ਨਾਮ ਸੁਨੇਹਾ ਲਾਇਆ ਹੈ।
ਗੁਰੂ ਪੁਰਬ ਮੌਕੇ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਖ ਕੌਮ ਨੂੰ ਸੰਦੇਸ਼ (ਬਠਿੰਡਾ ਪੱਤਰਕਾਰ (ਈਟੀਵੀ ਭਾਰਤ)) ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਗਿਆਨ ਦਾ ਚਾਨਣ
ਉਨ੍ਹਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਜੀਵਨ 'ਤੇ ਚਾਨਣਾ ਵੀ ਪਾਇਆ। ਜਥੇਦਾਰ ਨੇ ਕਿਹਾ ਕਿ ਜਦੋਂ ਸਮਾਜ ਵਿੱਚ ਹਰ ਪਾਸੇ ਅੰਧਕਾਰ ਫੈਲਿਆ ਹੋਇਆ ਸੀ, ਅਗਿਆਨਤਾ ਦੀ ਧੁੰਦ ਫੈਲੀ ਹੋਈ ਸੀ, ਇਸ ਦੌਰਾਨ ਜਿਵੇਂ ਸੂਰਜ ਦੀ ਤੇਜ਼ ਰੌਸ਼ਨੀ ਧੁੰਦ ਦੇ ਹਨੇਰੇ ਦੇ ਪਸਾਰੇ ਨੂੰ ਦੂਰ ਕਰ ਦਿੰਦੀ ਹੈ, ਉਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੇ ਸਮਾਜ ਵਿੱਚ ਫੈਲੀ ਹੋਈ ਅਗਿਆਨਤਾ ਅਤੇ ਧੁੰਦ ਨੂੰ ਖਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ 'ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣ ਹੋਆ'।
ਉਸ ਸਮੇਂ ਸਮਾਜ ਦੇ ਹੱਕਾਂ 'ਤੇ ਡਾਕੇ ਪੈ ਰਹੇ ਸੀ ਅਤੇ ਸਮਾਜ ਲੁੱਟਿਆ ਜਾ ਰਿਹਾ ਸੀ। ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਤੌਰ 'ਤੇ ਹਰ ਪਾਸੇ ਸਮਾਜ ਇੱਕ ਪੀੜਾ ਵਿੱਚੋਂ ਗੁਜਰ ਰਿਹਾ ਸੀ। ਇਸ ਦੌਰਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ ਫਿਰ ਆਪਣੇ ਉਪਦੇਸ਼ਾਂ ਅਤੇ ਸਿੱਖਿਆਵਾਂ ਰਾਹੀਂ ਮਨੁੱਖਤਾ ਦੇ ਦਰਦ ਅਤੇ ਪੀੜਾ ਨੂੰ ਖਤਮ ਕਰਨ ਵਾਸਤੇ ਮਹਾਨ ਉਪਦੇਸ਼ ਅਤੇ ਸਿੱਖਿਆਵਾਂ ਦਿੱਤੀਆਂ। ਇਸ ਸਮੇਂ ਗੁਰੂ ਨਾਨਕ ਸਾਹਿਬ ਨੇ ਜਿੱਥੇ ਰਾਜਸੀ ਆਗੂਆਂ ਨੂੰ ਲਲਕਾਰਿਆ, ਉੱਥੇ ਧਾਰਮਿਕ ਆਗੂਆਂ ਨੂੰ ਵੀ ਸਿੱਖਿਆ ਦਿੱਤੀ।
ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਖਿਆਵਾਂ ਦੇ ਰਾਹੀਂ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਅਤੇ ਅੱਜ ਅਸੀਂ ਉਨ੍ਹਾਂ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ।