ਅੰਮ੍ਰਿਤਸਰ:ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਆਏ ਨੌਜਵਾਨਾਂ ਦੇ ਹੱਕ ’ਚ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਭਾਰਤੀ ਅੰਮ੍ਰਿਤਸਰ ਦੀ ਪਾਵਨ ਧਰਤੀ ’ਤੇ ਇਨ੍ਹਾਂ ਹਲਾਤਾਂ 'ਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਕਤ ਦੇ ਮਾਰੇ ਨੌਜਵਾਨਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਰੋਟੀ ਜੋਗੇ ਹੋ ਸਕਣ।
ਡਿਪੋਰਟ ਹੋਏ ਨੌਜਵਾਨਾਂ ਦੇ ਹੱਕ 'ਚ ਆਏ ਗਿਆਨੀ ਹਰਪ੍ਰੀਤ ਸਿੰਘ (Etv Bharat)
ਪੰਜਾਬ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਖਿਲਾਫ ਵੀ ਕੀਤਾ ਰੋਸ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਵਾਪਿਸ ਆਉਣ ਤੋਂ ਬਾਅਦ ਇਹ ਸਮੱਸਿਆ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੰਭੀਰ ਬਣਨ ਵਾਲੀ ਹੈ ਕਿਉਂਕਿ ਜਿਸ ਕਿਸਮ ਦੇ ਇਨ੍ਹਾਂ ਦੇਸ਼ਾਂ ਦੇ ਵਿੱਚ ਹਾਲਾਤ ਬਣ ਰਹੇ ਹਨ, ਅਮਰੀਕਾ ਕੈਨੇਡਾ ਜਾਂ ਹੋਰ ਦੇਸ਼ ਦੇ ਵਿੱਚ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਪੈਰ ਪਸਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਬੱਚੇ ਆਪਣੀ ਸਵੈ ਇੱਛਾ ਅਨੁਸਾਰ ਭਾਰਤ ਆਉਣ ਨੂੰ ਤਿਆਰ ਬੈਠੇ ਹਨ ਪਰ ਉਨ੍ਹਾਂ ’ਚ ਕੁਝ ਨੌਜਵਾਨ ਤਾਂ ਆਪਣਾ ਜ਼ਮੀਨ ’ਤੇ ਖੇਤੀਬਾੜੀ ਕਰ ਲੈਣਗੇ ਪਰ ਵੱਡੀ ਗਿਣਤੀ ਵਿੱਚ ਨੌਜਵਾਨ ਕਰਜ਼ੇ ਚੁੱਕ ਕੇ ਗਏ ਹੋਏ ਹਨ ਜੇ ਉਹ ਨੌਜਵਾਨ ਵਾਪਸ ਆਉਂਦੇ ਹਨ ਤਾਂ ਹਾਲਾਤ ਗੰਭੀਰ ਬਣਨ ਦੇ ਆਸਾਰ ਹਨ। ਕਿਉਂਕਿ ਉਨ੍ਹਾਂ 'ਤੇ ਘਰ ਦਾ ਗੁਜ਼ਾਰਾ ਚਲਾਉਣ ਦੇ ਨਾਲ-ਨਾਲ ਕਰਜ਼ਾ ਉਤਾਰਨ ਦਾ ਵੀ ਦਬਾਅ ਹੋਵੇਗਾ।
ਮੁੱਖ ਮੰਤਰੀ ਨਾਲ ਜਤਾਈ ਸਹਿਮਤੀ
ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਦਿਆਂ ਕਿਹਾ ਕਿ ਅੰਮ੍ਰਿਤਸਰ ਸਾਹਿਬ ਨੂੰ ਡਿਪੋਰਟ ਸੈਂਟਰ 'ਚ ਨਾ ਬਦਲਿਆ ਜਾਵੇ। ਉਨ੍ਹਾਂ ਨੇ ਕੇਂਦਰ ਦੇ ਉਸ ਤਰਕ ਨੂੰ ਵੀ ਖਾਰਿਜ ਕੀਤਾ ਕਿ ਅੰਮ੍ਰਿਤਸਰ ਸਾਹਿਬ ਅਮਰੀਕਾ ਤੋਂ ਨੇੜੇ ਪੈਂਦਾ ਹੋਣ ਕਾਰਣ ਹੀ ਇੱਥੇ ਜਹਾਜ਼ ਉਤਾਰੇ ਜਾ ਰਹੇ ਹਨ। ਗਿਆਨੀ ਹਰਪ੍ਰੀਤ ਨੇ ਅੱਗੇ ਕਿਹਾ ਕਿ ਜੇਕਰ ਸੱਚਮੁਚ ਅੰਮ੍ਰਿਤਸਰ ਸਾਹਿਬ ਨੇੜੇ ਪੈਂਦਾ ਹੈ ਤਾਂ ਮੁੱਖ ਮੰਤਰੀ ਦੀ ਮੰਗ ਮੁਤਾਬਿਕ ਇੱਥੋਂ ਅਮਰੀਕਾ ਕੈਨੇਡਾ ਨੂੰ ਸਿੱਧੀਆਂ ਕੌਮਾਂਤਰੀ ਉਡਾਨਾਂ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ।