ਬਠਿੰਡਾ :''ਵਿੱਦਿਆ ਵਿਚਾਰੀ ਤਾਂ ਪਰਉਪਕਾਰੀ''ਅਕਸਰ ਹੀ ਸਲੋਗਨ ਕੰਧਾਂ ਉੱਤੇ ਲਿਖੇ ਪੜ੍ਹਨ ਨੂੰ ਮਿਲਦੇ ਹਨ ਪਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਕਿਸ ਤਰਾਂ ਬਣੇਗੀ । ਜਦੋਂ ਗਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ। ਪਰ ਬਠਿੰਡਾ ਵਿਖੇ ਦੋ ਵਾਰ ਵਿਧਾਇਕ ਰਹੇ ਕਾਮਰੇਡ ਮੱਖਣ ਸਿੰਘ ਦੀ ਨੂੰਹ ਰੀਤੂ ਵੱਲੋਂ ਗਰੀਬ ਬੱਚਿਆਂ ਨੂੰ ਆਪਣੀ ਕੋਠੀ ਵਿੱਚ ਮੁਫਤ ਟਿਊਸ਼ਨ ਦਿੱਤੀ ਜਾ ਰਹੀ ਹੈ ।50 ਦੇ ਕਰੀਬ ਗਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਮੁਫਤ ਵਿੱਚ ਟਿਊਸ਼ਨ ਦੇ ਰਹੇ ਹਨ । ਜਿਨ੍ਹਾਂ ਦੇ ਮਾਪੇ ਇਨ੍ਹਾਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਅਸੱਮਰਥ ਹਨ , ਉਨ੍ਹਾਂ ਬੱਚਿਆਂ ਨੂੰ ਫਰੀ ਟਿਊਸ਼ਨ ਪੜਾਈ ਜਾ ਰਹੀ ਹੈ।
ਗਰੀਬ ਬੱਚਿਆਂ ਲਈ ਵੱਖਰਾ ਉਪਰਾਲਾ (ETV Bharat (ਪੱਤਰਕਾਰ , ਬਠਿੰਡਾ)) ਮੁਫਤ ਟਿਊਸ਼ਨ ਦਾ ਉਪਰਾਲਾ
ਫਰੀ ਟਿਊਸ਼ਨ ਪੜਾਉਣ ਵਾਲੀ ਮੈਡਮ ਰੀਤੂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦਾ ਪਿਛੋਕੜ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਪਰ ਉਨ੍ਹਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਤਾਂਘ ਸੀ ਕਿ ਉਹ ਸਮਾਜ ਲਈ ਕੁਝ ਵੱਖਰਾ ਕਰਨ। ਫਿਰ ਭਾਵੇਂ ਉਨ੍ਹਾਂ ਦੇ ਬੱਚੇ ਵੱਡੇ ਹੋ ਚੁੱਕੇ ਹਨ ਜਿਵੇਂ ਉਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਨ ਲਿਖਣ ਵਿੱਚ ਮਦਦ ਕੀਤੀ ਉਵੇਂ ਹੀ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ। ਇਸੇ ਦੇ ਚਲਦੇ ਪਿਛਲੇ ਕਰੀਬ ਡੇਢ ਸਾਲ ਤੋਂ ਉਨ੍ਹਾਂ ਵੱਲੋਂ ਆਪਣੇ ਘਰ ਵਿੱਚ ਮੁਫਤ ਬੱਚਿਆਂ ਨੂੰ ਟਿਊਸ਼ਨ ਪੜ੍ਹਾਈ ਜਾ ਰਹੀ ਹੈ।
ਜ਼ਿਆਦਾਤਰ ਪ੍ਰਵਾਸੀ ਬੱਚੇ
ਮੈਡਮ ਰੀਤੂ ਨੇ ਕਿਹਾ ਕਿ ਸਿੱਖਿਆ ਹਾਸਲ ਕਰਨ ਲਈ ਪੜ੍ਹਨ ਆਣ ਵਾਲੇ ਬੱਚੇ ਜਿਆਦਾਤਰ ਪ੍ਰਵਾਸੀ ਹਨ। ਜਿਨਾਂ ਦੇ ਮਾਂ ਪਿਓ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਕਈ ਬੱਚੇ ਸਕੂਲ ਵੀ ਜਾਂਦੇ ਹਨ ਪਰ ਟਿਊਸ਼ਨ ਲੈਣ ਤੋਂ ਅਸਮਰਥ ਹੋਣ ਕਾਰਨ ਉਹ ਬੱਚੇ ਉਨ੍ਹਾਂ ਕੋਲ ਮੁਫਤ ਵਿੱਚ ਪੜ੍ਹਨ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰੁਝੇਵਿਆਂ ਵਿੱਚੋਂ ਸਮਾਂ ਕੱਢਣ ਲਈ ਉਨ੍ਹਾਂ ਨੂੰ ਆਪਣੇ ਨਿੱਜੀ ਸਵਾਰਥ 'ਤੇ ਕੰਮ ਛੱਡਣੇ ਪਏ ਹਨ ਪਰ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਰੋਜ਼ਾਨਾ ਦੋ ਘੰਟੇ ਇਨ੍ਹਾਂ ਬੱਚਿਆਂ ਨੂੰ ਪੜਾਉਦੇਂ ਹਨ ਅਤੇ ਕਦੇ ਕਦੇ ਉਨ੍ਹਾਂ ਦੇ ਖੁਦ ਦੇ ਬੱਚੇ ਵੀ ਇਨ੍ਹਾਂ ਛੋਟੇ ਬੱਚਿਆਂ ਨੂੰ ਪੜਾਉਂਦੇ ਹਨ।
ਬੱਚਿਆਂ ਲਈ ਆਪਣੇ ਪੱਧਰ 'ਤੇ ਖਰਚਾ
ਮੈਡਮ ਰੀਤੂ ਨੇ ਕਿਹਾ ਕਿ ਤਿਉਹਾਰ 'ਤੇ ਵੀ ਉਹ ਇਨ੍ਹਾਂ ਬੱਚਿਆਂ ਲਈ ਆਪਣੇ ਪੱਧਰ 'ਤੇ ਖਰਚਾ ਕਰਦੇ ਹਨ ਅਤੇ ਪੜ੍ਹਾਈ ਲਈ ਲੋੜੀਂਦੇ ਦੇ ਸਮਾਨ ਦਾ ਵੀ ਪ੍ਰਬੰਧ ਕਰਦੇ ਹਨ। ਉਨ੍ਹਾਂ ਦੇ ਇਸ ਕਾਰਜ ਵਿੱਚ ਪਰਿਵਾਰ ਵੱਲੋਂ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਰ ਸੰਭਵ ਮਦਦ ਕਰਦੇ ਹਨ। ਹੁਣ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਵੀ ਸਮਾਂ ਵੇਖ ਕੇ ਹੀ ਮਿਲਣ ਆਉਂਦੇ ਹਨ ਕਿਉਂਕਿ ਮੈਂ ਬੱਚਿਆਂ ਦੀ ਟਿਊਸ਼ਨ ਨੂੰ ਜ਼ਿਆਦਾ ਤਰਜੀਹ ਦਿੰਦੀ ਹਾਂ ਤਾਂ ਜੋ ਇਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਨੂੰ ਸਵਾਰਿਆ ਜਾ ਸਕੇ।